ਸੱਜਰੀ ਪੈੜ ਦਾ ਰੇਤਾ (ਕਿਸ਼ਤ ਆਖਰੀ)

    ਸ਼ਾਹ ਜੀ ਨੇ ਸਾਰੀ ਗੱਲ ਬ੍ਰਿਟਿਸ਼ ਹਾਈ ਕਮਿਸ਼ਨ ਨਾਲ਼ ਮਿਥੀ ਹੋਈ ਸੀ।
    ਅਗਲੇ ਦਿਨ ਉਸ ਨੇ ਰਵਿੰਦਰ ਅਤੇ ਸੀਤਲ ਨੂੰ ਹਾਈ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਅਤੇ ਉਹਨਾਂ ਨੂੰ ਇੰਗਲੈਂਡ ਆ ਕੇ ਮਿਲਣ ਦਾ ਵਾਅਦਾ ਵੀ ਦਿੱਤਾ। ਹਾਈ ਕਮਿਸ਼ਨ ਨੇ ਰਵਿੰਦਰ ਦੀ ਸਪੌਂਸਰਸਿ਼ੱਪ ਮੰਗੀ, ਤਾਂ ਸ਼ਾਹ ਜੀ ਨੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ। ਸ਼ਾਹ ਜੀ ਨੇ ਉਸ ਨੂੰ ਆਪਣੀ ਫ਼ਰਮ ਵਿਚ ਕੰਮ ਦੇਣ ਦੀ ਪੇਸ਼ਕਸ਼ ਕਰ ਦਿੱਤੀ ਅਤੇ ਇਕ 'ਕਾਂਨਟਰੈਕਟ' 'ਤੇ ਦਸਤਖ਼ਤ ਕਰ ਦਿੱਤੇ! ਇਸਲਾਮਾਬਾਦ ਦੇ ਪੁਲੀਸ ਮੁਖੀ ਨੇ ਬ੍ਰਿਟਿਸ਼ ਹਾਈ ਕਮਿਸ਼ਨਰ ਦੀ ਮੌਜੂਦਗੀ ਵਿਚ ਸੀਤਲ ਅਤੇ ਰਵਿੰਦਰ ਦੀ ਸਟੇਟਮੈਂਟ ਲਈ। ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿ਼ਲਾਫ਼ ਕਾਰਵਾਈ ਆਰੰਭੀ ਜਾਣੀ ਸੀ। ਬਾਹਰਲੇ ਦੇਸ਼ਾਂ ਵਿਚੋਂ ਪਾਕਿਸਤਾਨ ਲਿਆ ਕੇ, ਉਹਨਾਂ ਤੋਂ ਧੰਦਾ ਕਰਵਾਉਣ ਵਾਲ਼ੇ ਇਕ ਗੈਂਗ ਦਾ ਪਰਦਾਫ਼ਾਸ਼ ਹੋ ਚੁੱਕਾ ਸੀ। ਹੈਦਰ, ਖ਼ਾਨ ਅਤੇ ਇਮਰਾਨ ਖਿ਼ਲਾਫ਼ ਕੇਸ ਦਰਜ਼ ਕੀਤਾ ਜਾ ਚੁੱਕਾ ਸੀ। ਸਾਈਦਾ ਅਤੇ ਜ਼ਾਲਮ ਖ਼ਾਂ ਪਹਿਲਾਂ ਹੀ ਹਿਰਾਸਤ ਵਿਚ ਸਨ। ਉਹਨਾਂ ਦੀਆਂ ਗਵਾਹੀਆਂ ਪੁਆਈਆਂ ਜਾ ਚੁੱਕੀਆਂ ਸਨ। ਹੈਦਰ, ਖ਼ਾਨ ਅਤੇ ਇਮਰਾਨ ਦੀ ਗ੍ਰਿਫ਼ਤਾਰੀ ਦੇ ਵਾਰੰਟ ਲੈ ਕੇ ਇਕ ਵਿਸ਼ੇਸ਼ ਪੁਲੀਸ ਦਸਤਾ ਹਾਈ ਕਮਿਸ਼ਨ ਦੀ ਹਮਾਇਤ ਨਾਲ਼ ਇੰਗਲੈਂਡ ਰਵਾਨਾਂ ਹੋ ਗਿਆ ਸੀ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 21)

    ਸੀਤਲ ਨੂੰ ਪਾਕਿਸਤਾਨ ਦੇ ਇਸ ਕੰਜਰਖਾਨੇ ਆਈ ਨੂੰ ਤਕਰੀਬਨ ਨੌਂ ਮਹੀਨੇ ਹੋ ਗਏ ਸਨ।
    ਉਸ ਨਾਲ਼ ਹਰ ਰਾਤ ਘਟਨਾਵਾਂ ਨਹੀਂ, 'ਹਾਦਸੇ' ਵਾਪਰਦੇ ਸਨ। ਕਦੇ ਜ਼ਾਲਮ ਖ਼ਾਂ ਉਸ ਨੂੰ ਮਿੱਧ-ਮੁੱਛ ਜਾਂਦਾ ਅਤੇ ਕਦੇ ਡਾਕਟਰ ਉਸ ਦਾ ਗਾਹ ਪਾ ਜਾਂਦਾ। ਕਹਿਰ ਦੀ ਰਾਤ ਤਾਂ ਉਸ 'ਤੇ ਉਦੋਂ ਆਉਂਦੀ, ਜਦੋਂ ਸੱਲ੍ਹਤ ਖ਼ਾਨ ਪਠਾਣ ਆਉਂਦਾ। ਉਹ ਸਾਰੀ ਸਾਰੀ ਰਾਤ ਸੀਤਲ ਦਾ 'ਝਟਕਾ' ਕਰਕੇ ਉਸ ਉਪਰੋਂ ਪੈਸਿਆਂ ਦੀ ਵਰਖ਼ਾ ਕਰਦਾ ਅਤੇ ਮੂੰਹ 'ਤੇ ਥੁੱਕਦਾ..! ਨਾਲ਼ ਦੀ ਨਾਲ਼ ਉਸ ਨੂੰ "ਬੜੀ ਅਣਖ਼ੀ ਸਰਦਾਰਨੀ ਐਂ ਤੂੰ" ਦਾ ਮਿਹਣਾਂ ਮਾਰ ਕੇ ਸੀਨੇ ਵਿਚ ਗਜ ਚੌੜਾ ਪਾੜ ਪਾ ਜਾਂਦਾ..! ਇਹ ਮਿਹਣੇ ਭਰਿਆ ਨਸ਼ਤਰ ਕਿਸੇ ਸ਼ਮਸ਼ੀਰ ਵਾਂਗ ਉਸ ਦੀ ਹਿੱਕ ਦੇ ਆਰ ਪਾਰ ਹੋ ਜਾਂਦਾ ਅਤੇ ਉਹ ਘੰਟਿਆਂ ਬੱਧੀ ਉਸ ਮਿਹਣੇਂ ਦੀ ਮਾਰੀ ਹੋਈ ਰੋਂਦੀ ਅਤੇ ਆਪਣੇ ਆਪ ਵਿਚ ਖਪਦੀ ਰਹਿੰਦੀ। ਉਸ ਦਾ ਕਸੂਰ ਵੀ ਕੀ ਸੀ...? ਉਹ ਕਿਹਛਾ ਇੱਥੇ ਆਪਣੀ ਮਰਜ਼ੀ ਨਾਲ਼ ਆਈ ਸੀ...? ਉਹ ਤਾਂ ਤਦ ਕਸੂਰਵਾਰ ਹੁੰਦੀ, ਜੇ ਉਹ ਆਪਣੀ ਇੱਛਾ ਅਨੁਸਾਰ ਇਹ ਸਭ ਕੁਝ ਕਰ ਰਹੀ ਹੁੰਦੀ...? ਉਹ ਅੰਦਰੋ ਅੰਦਰੀ ਹੈਦਰ ਅਤੇ ਇਮਰਾਨ ਦੇ ਬਾਪ, ਖ਼ਾਨ ਦੀ ਜਾਨ ਦਾ ਪਿੱਟ ਸਿਆਪਾ ਕਰਦੀ। ਉਸ ਦਾ ਜੀਅ ਕਰਦਾ ਕਿ ਖ਼ਾਨ ਕਦੇ ਇਕੱਲਾ ਉਸ ਇਕੱਲੀ ਦੇ ਸਾਹਮਣੇਂ ਆ ਜਾਵੇ ਤਾਂ ਉਹ ਉਸ ਦੀ ਛਾਤੀ 'ਤੇ ਬੈਠ ਕੇ ਦੰਦਾਂ ਨਾਲ਼ ਬੁਰਕੀਆਂ ਵੱਢੇ..! ਉਸ ਦੇ ਗੰਦੇ ਖ਼ੂਨ ਦਾ ਕਤਰਾ ਕਤਰਾ ਪੀ ਜਾਵੇ..! ਜਾਂ ਉਸ ਦੇ ਗੋਲ਼ੀ ਮਾਰ ਦੇਵੇ, ਜਾਂ ਫਿਰ ਆਪ ਮਰ ਜਾਵੇ..! ਉਸ ਨੇ ਕਈ ਵਾਰ ਖ਼ੁਦਕਸ਼ੀ ਕਰਨ ਦੀ ਵੀ ਸੋਚੀ। ਪਰ ਰਫ਼ੀਕਾ ਦਾ ਉਸ ਤੋਂ ਵਿਸ਼ਵਾਸ ਉਠ ਜਾਵੇਗਾ ਅਤੇ ਹੋ ਸਕਦੈ ਉਸ ਨੂੰ ਕਿਤੇ ਹੋਰ ਭੇਜ ਦਿੱਤਾ ਜਾਵੇ..? ਸੋਚ ਕੇ ਉਹ ਖ਼ੁਦਕਸ਼ੀ ਕਰਨ ਦਾ ਫ਼ੈਸਲਾ ਤਿਆਗ ਦਿੰਦੀ। ਰਫ਼ੀਕਾ ਨੇ ਉਸ ਨੂੰ ਇਕ ਨਹੀਂ, ਵਾਰ ਵਾਰ ਸਮਝਾਇਆ ਸੀ ਕਿ ਅਗਰ ਹੁਣ ਉਸ ਨੇ ਕੋਈ ਹਿੰਮਤ ਜਾਂ ਹਿਮਾਕਤ ਕਰਨ ਦੀ ਕੋਸਿ਼ਸ਼ ਕੀਤੀ, ਤਾਂ ਇਹ ਉਸ ਦੀ ਜਿ਼ੰਦਗੀ ਦੀ ਆਖਰੀ ਗਲਤੀ ਹੋਵੇਗੀ..! ਕਿਉਂਕਿ ਇੱਥੇ ਕਿੰਨੀਆਂ ਹੀ ਕੁੜੀਆਂ ਆਈਆਂ ਅਤੇ ਪਤਾ ਨਹੀਂ ਕਿਸ ਨੇ ਕਿੱਥੇ ਖਪਾ ਦਿੱਤੀਆਂ ਗਈਆਂ..? ਉਹਨਾਂ ਨੂੰ ਧਰਤੀ ਨਿਗਲ਼ ਗਈ ਜਾਂ ਅਸਮਾਨ ਹੜੱਪ ਕਰ ਗਿਆ, ਹੁਣ ਤੱਕ ਕੋਈ ਪਤਾ ਨਹੀਂ ਚੱਲਿਆ ਸੀ..! ਇਸ ਲਈ ਬਿਹਤਰ ਇਹੀ ਸੀ ਕਿ ਉਹ ਆਪਣੇ ਹਾਲਾਤਾਂ ਅਨੁਸਾਰ, ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਵਿਚਰੇ ਅਤੇ ਆਪਣੇ ਚੰਗੇ-ਮੰਦੇ ਲਈ ਸੋਚਣਾਂ ਬੰਦ ਕਰ ਦੇਵੇ..! ਹੁਣ ਉਸ ਦੀ ਜਾਨ ਅਤੇ ਚੰਗਾ ਮਾੜਾ ਸੋਚਣਾਂ ਗੈਂਗ ਦੇ ਦੱਲਿਆਂ ਹੱਥ ਸੀ..। ਜਿੰਨਾਂ ਚਿਰ ਉਹ ਉਹਨਾਂ ਅਨੁਸਾਰ ਚੱਲਦੀ ਰਹੇਗੀ, ਸੌਖੀ ਰਹੇਗੀ..! ਪਰ ਜਿੱਦੇਂ ਉਹਨਾਂ ਦੀ ਕਿਸੇ ਇੱਛਾ ਤੋਂ ਬਾਗ਼ੀ ਹੋਈ, ਉਸ ਦੀ ਜਾਨ ਲਈ ਧੋਖਾ ਸੀ..! ਉਹਨਾਂ ਦੇ ਵਿਧਾਨ ਦੀ ਸਜ਼ਾ ਸਿਰਫ਼ ਅਤੇ ਸਿਰਫ਼ ਮੌਤ ਸੀ..! ਸੀਤਲ ਹਰ ਵਕਤ ਰੱਬ ਨੂੰ ਧਿਆਉਂਦੀ ਰਹਿੰਦੀ, ਕਿ ਕਦੇ ਤਾਂ ਰੱਬ ਉਸ ਦੀ ਸੁਣੂੰਗਾ..? ਮਾਂ ਦੀਆਂ ਦਿੱਤੀਆਂ ਦਲੀਲਾਂ, ਆਖੀਆਂ ਗੱਲਾਂ ਹੁਣ ਹੂ-ਬ-ਹੂ ਪ੍ਰਤੱਖ ਸਾਹਮਣੇ ਆ ਰਹੀਆਂ ਸਨ। ਐਵੇਂ ਤਾਂ ਨਹੀਂ ਸਿਆਣੇ ਆਖਦੇ ਕਿ ਸਿਆਣਿਆਂ ਦਾ ਕਿਹਾ ਅਤੇ ਔਲ਼ੇ ਦਾ ਖਾਧਾ ਪਿੱਛੋਂ ਸੁਆਦ ਦਿੰਦੈ..? ਹੁਣ ਉਸ ਨੂੰ ਮਾਂ ਦੀ ਯਾਦ ਸਭ ਤੋਂ ਵੱਧ ਆਉਂਦੀ..। ਆਪਣੀ ਭੈਣ ਪਾਇਲ ਦਾ ਮੋਹ ਆਉਂਦਾ..। ਬਾਪ ਦਾ ਹਿਤ ਆਉਂਦਾ। ਪਰ ਉਹ ਸੜੇ ਖੰਭਾਂ ਵਾਲ਼ੇ ਪੰਛੀ ਵਾਂਗ ਬੇਵੱਸ ਸੀ..। ਨਿਆਸਰਾ ਸੀ..।
  

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 20)

    ਪਾਲੋ ਨੇ ਹਨੀ ਦੇ ਘਰ ਤਾਂ ਕੀ..? ਸਾਰੇ ਪਿੰਡ ਵਿਚ ਡੌਂਡੀ ਪਿੱਟ ਦਿੱਤੀ ਸੀ ਕਿ 'ਪੁੱਠੇ ਕੰਮਾਂ' ਕਰਕੇ ਹਨੀ ਦਾ ਤਲਾਕ ਹੋ ਗਿਆ ਸੀ ਅਤੇ ਹੁਣ ਉਹ ਇਕ 'ਬੁੱਢੇ' ਨਾਲ਼ ਕੁੰਡਾ ਫ਼ਸਾ ਕੇ ਰੰਗਰਲ਼ੀਆਂ ਮਨਾਉਂਦੀ ਫਿ਼ਰਦੀ ਸੀ। ਲੋਕ 'ਥੂ-ਥੂ' ਕਰਨ ਲੱਗ ਪਏ। ਸਾਰੇ ਪਿੰਡ ਵਿਚ 'ਬੂ-ਬੂ' ਹੋ ਗਈ। ਬੇਬੇ ਬਾਪੂ ਬੜੇ ਦੁਖੀ ਹੋਏ। ਬੁੱਕਣ ਨੇ ਰਮਣੀਕ ਵਾਲ਼ੀ ਸਾਰੀ ਅਸਲੀਅਤ ਵੀ ਉਹਨਾਂ ਨੂੰ ਆ ਦੱਸੀ ਸੀ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਹਨੀ ਦੀਆਂ ਘਤਿੱਤਾਂ ਕਿਸੇ ਖ਼ਾਨਦਾਨੀ ਕੁੜੀ ਵਾਲ਼ੀਆਂ ਨਹੀਂ ਸਨ। ਉਹ ਤਾਂ ਵੇਸਵਾ ਬਿਰਤੀ ਦੀ ਬਣ ਚੁੱਕੀ ਸੀ। ਪਿੰਡ ਦੀਆਂ ਵਿਹਲੜ ਬੁੜ੍ਹੀਆਂ ਨੇ ਗੱਲ ਪੜਛੱਤੀ ਚੁੱਕ ਲਈ।
    -"ਕੁੜ੍ਹੇ ਉਹ ਤਾਂ ਡੁੱਬ ਜਾਣੀਂ ਐਥੇ ਨ੍ਹੀ ਸੀ ਮਾਨ, ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਭਾਈ ਬਾਹਰਲੇ ਮੁਲਕ ਚਲੀ ਗਈ..!" ਪੰਜਾਬ ਕੌਰ ਨੇ ਕਿਹਾ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 19)

    ਹਨੀ ਡੇਵ ਵਾਲ਼ੀ ਫ਼ਰਮ ਵਿਚ ਹੀ ਕੰਮ 'ਤੇ ਲੱਗ ਗਈ ਸੀ।
    ਡੇਵ ਦੀ ਰਾਇ ਅਨੁਸਾਰ ਉਸ ਨੇ ਆਪਣਾਂ ਮਕਾਨ 'ਹੋਮ ਸੀਕਰਜ਼' ਵਾਲਿ਼ਆਂ ਨੂੰ ਕਿਰਾਏ 'ਤੇ ਦੇ ਦਿੱਤਾ ਸੀ। ਡੇਵ ਦੀ ਇਸ ਕਸਬੇ ਵਿਚ ਚੰਗੀ ਬਣੀ ਹੋਈ ਸੀ, ਜਿਸ ਕਾਰਨ ਹਨੀ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾਂ ਨਹੀਂ ਕਰਨਾ ਪਿਆ ਸੀ। ਹਰ ਹਫ਼ਤੇ ਹਨੀ ਦੇ ਮਕਾਨ ਦਾ ਕਿਰਾਇਆ ਉਸ ਦੇ ਅਕਾਊਂਟ ਵਿਚ ਜਮ੍ਹਾਂ ਹੋਣਾਂ ਸ਼ੁਰੂ ਹੋ ਗਿਆ। ਹਨੀ ਦੇ ਚੁੱਕੇ ਹੋਏ ਕਰਜ਼ੇ ਦੀ ਕਿਸ਼ਤ ਹਰ ਮਹੀਨੇ ਮਕਾਨ ਨੇ ਹੀ ਚੁੱਕਣੀ ਸ਼ੁਰੂ ਕਰ ਦਿੱਤੀ। ਹਨੀ ਅਤੇ ਡੇਵ 'ਮੀਆਂ-ਬੀਵੀ' ਵਾਂਗ ਹੀ ਇਕੱਠੇ ਰਹਿਣ ਲੱਗੇ ਸਨ। ਪਰ ਇਸ ਬਾਰੇ ਕੰਪਨੀ ਵਿਚ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਡੇਵ ਅਤੇ ਹਨੀ ਇਕ ਮੀਆਂ ਬੀਵੀ ਵਾਂਗ ਇਕੱਠੇ ਰਹਿੰਦੇ ਸਨ! ਹਨੀ ਆਪਣੀ ਕਾਰ 'ਤੇ ਸਵੇਰੇ ਛੇ ਵਜੇ ਕੰਮ 'ਤੇ ਜਾਂਦੀ ਅਤੇ ਡੇਵ ਨੌਂ ਵਜੇ ਕੰਮ 'ਤੇ ਪਹੁੰਚਦਾ। ਹਨੀ ਦੁਪਿਹਰ ਦੋ ਵਜੇ ਆਪਣੀ ਸਿ਼ਫ਼ਟ ਖ਼ਤਮ ਕਰਦੀ ਅਤੇ ਡੇਵ ਸ਼ਾਮ ਦੇ ਚਾਰ ਜਾਂ ਪੰਜ ਵਜੇ..! ਹੋਰ ਤਾਂ ਹੋਰ, ਹਨੀ ਨਾਲ਼ ਕੰਮ ਕਰਦੀਆਂ ਦੇਸੀ ਔਰਤਾਂ ਨੂੰ ਵੀ ਹਨੀ ਅਤੇ ਡੇਵ ਦੇ ਇਸ ਸਬੰਧ ਬਾਰੇ ਪਤਾ ਨਹੀਂ ਸੀ। ਡੇਵ ਨੇ ਵੀ ਹਨੀ ਨੂੰ ਸਖ਼ਤ ਤਾੜਨਾਂ ਕੀਤੀ ਹੋਈ ਸੀ ਕਿ ਕੰਪਨੀ ਵਿਚ ਉਹਨਾਂ ਬਾਰੇ ਕਿਸੇ ਨੂੰ ਪਤਾ ਨਾ ਚੱਲੇ...! ਕਦੇ ਕਦੇ ਹਨੀ ਨੂੰ ਡੇਵ ਦੀ ਤਕਰੀਬਨ ਦੁੱਗਣੀਂ ਉਮਰ ਰੜਕਦੀ। ਪਰ ਸਹੂਲਤਾਂ, ਗ਼ਰਜ਼ਾਂ ਅਤੇ ਹਾਲਾਤਾਂ ਦੀ ਮਾਰੀ ਹਨੀ ਹਿੱਕ 'ਤੇ ਪੱਥਰ ਰੱਖ ਕੇ ਵੀ ਜੀਅ ਰਹੀ ਸੀ। ਵੈਸੇ ਉਸ ਨੂੰ ਡੇਵ ਤੋਂ ਕੋਈ ਸ਼ਕਾਇਤ ਨਹੀਂ ਸੀ। ਉਹ ਉਸ ਨੂੰ ਬਿਲਕੁਲ ਵੀ ਤੰਗ ਨਾ ਕਰਦਾ। ਸ਼ਨਿੱਚਰ ਐਤਵਾਰ ਨੂੰ ਉਹ ਕਿਸੇ ਨਾ ਕਿਸੇ ਪਾਸੇ ਘੁੰਮਣ ਫਿ਼ਰਨ ਚਲੇ ਜਾਂਦੇ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 18)

    ਇਸਲਾਮਾਬਾਦ ਪਹੁੰਚ ਕੇ ਸੀਤਲ ਨੂੰ ਕਾਫ਼ੀ ਕੁਝ ਓਪਰਾ ਓਪਰਾ ਜਿਹਾ ਲੱਗਿਆ। ਓਪਰੇ ਲੋਕ..! ਨਾ ਕਿਸੇ ਨਾਲ਼ ਜਾਣ ਨਾ ਪਹਿਚਾਣ...! ਪਰ ਇਮਰਾਨ ਦਾ ਸਾਥ ਉਸ ਨੂੰ ਡੋਲਣ ਜਾਂ ਓਦਰਨ ਨਹੀਂ ਦੇ ਰਿਹਾ ਸੀ।
    ਵੈਸੇ ਏਅਰਪੋਰਟ 'ਤੇ ਉਸ ਨੂੰ ਦੋ ਕੀਮਤੀ ਕਾਰਾਂ ਲੈਣ ਆਈਆਂ ਹੋਈਆਂ ਸਨ। ਡਰਾਈਵਰਾਂ ਦੀਆਂ ਸਿਰਫ਼ ਅੱਖਾਂ ਹੀ ਹਰਕਤ ਕਰਦੀਆਂ ਦਿਸਦੀਆਂ ਸਨ। ਬਹੁਤਾ ਕੁਝ ਉਹ ਬੋਲੇ ਨਹੀਂ ਸਨ। ਬੱਸ, ਉਹਨਾਂ ਨੇ 'ਸਲਾਮ-ਦੁਆ' ਤੋਂ ਬਾਅਦ ਉਹਨਾਂ ਦਾ ਸਮਾਨ ਕਾਰਾਂ ਵਿਚ ਰੱਖ ਲਿਆ ਸੀ ਅਤੇ ਅੱਗੜ ਪਿੱਛੜ ਤੁਰ ਪਏ ਸਨ। ਘੰਟੇ ਕੁ ਦੇ ਸਫ਼ਰ ਤੋਂ ਬਾਅਦ ਉਹਨਾਂ ਦਾ ਉਤਾਰਾ ਇਕ ਆਲੀਸ਼ਾਨ ਕੋਠੀ ਵਿਚ ਹੋਇਆ। ਕੋਠੀ ਬਿਲਕੁਲ ਖਾਲੀ, ਪਰ ਬੜੇ ਸਲੀਕੇ ਨਾਲ਼ ਸਜ਼ਾਈ ਹੋਈ ਸੀ। ਕੋਠੀ ਦੇ ਲਾਅਨ ਵਿਚ ਤਰ੍ਹਾਂ ਤਰ੍ਹਾਂ ਦੇ ਮਨਮੋਹਕ ਫ਼ੁੱਲ ਅਤੇ ਬੂਟੇ ਲੱਗੇ ਹੋਏ ਸਨ। ਸੀਤਲ ਤੁਰ ਫਿਰ ਕੇ ਫ਼ੁੱਲਾਂ ਅਤੇ ਬੂਟਿਆਂ ਨੂੰ ਨਿਹਾਰਨ ਲੱਗ ਪਈ ਸੀ। ਉਸ ਦਾ ਉਦਰੇਵਾਂ ਕਾਫ਼ੀ ਹੱਦ ਤੱਕ ਉਡ ਗਿਆ ਸੀ। ਫ਼ੁੱਲਾਂ ਦੀ ਹਾਣੀ ਹੋ ਕੇ ਤੁਰੀ ਸੀਤਲ ਦਾ ਮਨ ਖਿੜ ਉਠਿਆ। ਫ਼ੁੱਲਾਂ ਦੀ ਮਹਿਕ ਅਤੇ ਮੁਸਕਰਾਹਟ ਦੇਖ ਕੇ ਉਸ ਦਾ ਮਨ ਬਾਗੋ-ਬਾਗ ਹੋਇਆ ਪਿਆ ਸੀ। ਰੱਬ ਦੀ ਕੁਦਰਤ ਦੀ ਸਿਫ਼ਤ ਵਿਚ ਉਹ ਮਸਤਾਨੀ ਹੀ ਤਾਂ ਹੋ ਗਈ ਸੀ...! ਉਸ ਨੇ ਸਾਰੇ ਲਾਅਨ ਦਾ ਬੜੀ ਬਾਰੀਕੀ ਨਾਲ਼ ਗੇੜਾ ਦਿੱਤਾ। ਫ਼ੁੱਲਾਂ ਅਤੇ ਪੱਤੀਆਂ ਨਾਲ਼ ਗੱਲਾਂ ਕੀਤੀਆਂ। ਪੌਦਿਆਂ ਦੇ ਪੱਤੇ ਪਲ਼ੋਸੇ!

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 17)

    ਹੋਮ ਆਫਿ਼ਸ ਵੱਲੋਂ ਬੁੱਕਣ ਡਿਪੋਰਟ ਕੀਤਾ ਜਾ ਚੁੱਕਾ ਸੀ।
    ਹਨੀ ਨੇ ਮਕਾਨ 'ਤੇ ਕਰਜ਼ਾ ਲੈ ਕੇ ਘਰ ਦੀ ਅੱਧੀ ਕੀਮਤ ਰਮਣੀਕ ਨੂੰ ਦੇ ਦਿੱਤੀ ਸੀ। ਘਰ ਆਪ ਸੰਭਾਲ਼ ਲਿਆ ਸੀ। ਹੁਣ ਉਸ ਨੂੰ ਖ਼ਰਚਿਆਂ ਦੇ ਫਿ਼ਕਰ ਖਾਣ ਲੱਗ ਪਏ। ਕੰਮ ਕੋਲ਼ ਹੈ ਨਹੀਂ ਸੀ। ਜਦ ਉਸ ਨੂੰ ਕੋਈ ਰਸਤਾ ਨਾ ਦਿਸਿਆ, ਤਾਂ ਉਸ ਨੇ ਜੌਬ ਸੈਂਟਰ ਜਾ ਅਲਖ਼ ਜਗਾਈ ਅਤੇ ਜੌਬ ਸੀਕਰ ਅਲਾਊਂਸ ਲਈ ਅਪਲਾਈ ਕਰ ਦਿੱਤਾ। ਹਫ਼ਤੇ ਕੁ ਬਾਅਦ ਉਸ ਨੂੰ ਜੌਬ ਸੀਕਰ ਅਲਾਊਂਸ ਮਿਲਣ ਲੱਗ ਪਿਆ। ਪਰ ਇਤਨੀ ਕੁ ਰਕਮ ਨਾਲ਼ ਤਾਂ ਉਸ ਦੇ ਪੰਜ-ਪਾਂਜੇ ਹੀ ਪੂਰੇ ਨਹੀਂ ਹੋਣੇਂ ਸਨ...? ਬਿਜਲੀ, ਗੈਸ ਅਤੇ ਕਰਜ਼ੇ ਦੀ ਕਿਸ਼ਤ...! ਦਿਨ ਰਾਤ ਉਸ ਨੂੰ ਅੱਚਵੀ ਲੱਗੀ ਰਹਿੰਦੀ...। ਸਭ ਤੋਂ ਵੱਡੀ ਘਾਟ ਉਸ ਨੂੰ ਕਿਸੇ 'ਮਰਦ' ਦੀ ਘਾਟ ਸਤਾਉਂਦੀ। ਹਨੀ ਕਈ ਵਾਰ ਮਰਦ ਦੀ ਅਣਹੋਂਦ ਕਾਰਨ ਪਾਗਲ ਹੋਣ ਵਾਲ਼ੀ ਹੋ ਜਾਂਦੀ। ਦੂਜਾ ਕਾਰਨ ਇਹ ਸੀ ਕਿ ਉਸ ਕੋਲ਼ ਕੋਈ ਕੰਮ ਨਹੀਂ ਸੀ। ਨਹੀਂ ਤਾਂ ਬੰਦਾ ਕੰਮ ਤੋਂ ਆ ਕੇ ਥੱਕਿਆ ਹੰਭਿਆ ਸੌਂ ਜਾਂਦੈ।
    ਇਕ ਦਿਨ ਸਵੇਰ ਨੂੰ ਹਨੀ ਬਹੁਤੀ ਹੀ ਪ੍ਰੇਸ਼ਾਨ ਅਤੇ ਪਸ਼ੇਮਾਨ ਜਿਹੀ ਸੀ। ਉਸ ਨੇ ਟੀ. ਵੀ. ਬੰਦ ਕਰ ਦਿੱਤਾ ਅਤੇ ਘਰ ਦੀ ਸਫ਼ਾਈ ਸ਼ੁਰੂ ਕਰ ਦਿੱਤੀ । ਸਾਰੀ ਦਿਹਾੜੀ ਬੰਦਾ ਕਿੱਥੋਂ ਟੈਲੀਵਿਯਨ ਦੇਖੀ ਜਾਵੇ...? ਹਰ ਚੀਜ਼ ਦੀ ਕੋਈ ਹੱਦ ਹੁੰਦੀ ਹੈ...। ਜਦ ਉਸ ਨੇ ਮੁੱਖ ਦਰਵਾਜੇ ਵੱਲ ਤੱਕਿਆ ਤਾਂ ਡਾਕ ਆਈ ਪਈ ਸੀ। ਦੋ ਤਿੰਨ ਚਿੱਠੀਆਂ ਸਨ। ਉਸ ਨੇ ਕੰਬਦੇ ਹੱਥਾਂ ਨਾਲ਼ ਡਾਕ ਖੋਲ੍ਹਣੀਂ ਸ਼ੁਰੂ ਕੀਤੀ। ਹੁਣ ਉਸ ਨੂੰ ਡਾਕ ਅਤੇ ਡਾਕੀਏ ਤੋਂ ਡਰ ਆਉਣ ਲੱਗ ਪਿਆ ਸੀ। ਇਕ ਚਿੱਠੀ ਜੌਬ ਸੈਂਟਰ ਵੱਲੋਂ ਸੀ। ਉਸ ਨੂੰ ਕਿਸੇ ਜੌਬ ਦੀ ਆਫ਼ਰ ਆਈ ਸੀ। ਉਸ ਨੇ ਫ਼ੋਨ ਘੁਮਾਇਆ ਅਤੇ ਕੰਪਨੀ ਵਾਲਿ਼ਆਂ ਨੇ ਉਸ ਨੂੰ ਅਗਲੇ ਦਿਨ ਸਵੇਰੇ ਦਸ ਵਜੇ ਦਾ ਸਮਾਂ ਦੇ ਦਿੱਤਾ। ਹਨੀ ਨੂੰ ਰਹਿੰਦਾ ਦਿਨ ਅਤੇ ਰਾਤ ਪਹਾੜ ਬਣ ਗਈ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 16)

    ਪੁਲੀਸ ਨੇ ਬੁੱਕਣ ਦਾ ਕੇਸ ਅਦਾਲਤ ਸਪੁਰਦ ਕਰ ਦਿੱਤਾ ਸੀ।
    ਹੋਮ ਆਫਿ਼ਸ ਨੇ ਕੁਦਰਤੀਂ, ਚੰਗੇ ਭਾਗਾਂ ਨੂੰ ਅਦਾਲਤ ਦੀ ਕਾਰਵਾਈ ਤੋਂ ਪਹਿਲਾਂ ਬੁੱਕਣ ਦਾ ਵੀਜ਼ਾ ਵਧਾ ਦਿੱਤਾ ਸੀ। ਲੋੜੀਂਦੀਆਂ ਕਾਰਵਾਈਆਂ ਕਰਦਿਆਂ ਬੁੱਕਣ, ਬੁੱਕਣ ਸਿੰਘ ਸੰਧੂ ਬਣ ਗਿਆ।
    ਹਨੀ ਗੋਰੇ ਡਿਊਟੀ ਮੈਨੇਜਰ ਨਾਲ ਪਹਿਲੇ ਦਿਨ ਤੋਂ ਹੀ ਅੱਖ ਮਟੱਕਾ ਕਰਦੀ ਰਹਿੰਦੀ ਸੀ। ਪਰ ਹੁਣ ਤਾਂ ਬੁੱਕਣ ਦਾ ਕੰਮ ਛੁੱਟ ਗਿਆ ਸੀ, ਉਸ ਨੂੰ ਮੈਨੇਜਰ ਦੀ ਹੋਰ ਵੀ ਸਖ਼ਤ ਜ਼ਰੂਰਤ ਸੀ..? ਖੁੱਲ੍ਹੀਆਂ ਬਹਾਰਾਂ ਵਰਤਦੀ ਹਨੀ ਇਕ ਦਿਨ ਸ਼ਰੇਆਮ ਹੀ ਮੈਨੇਜਰ ਅੱਗੇ 'ਨਿਲਾਮ' ਹੋ ਗਈ...! ਮੈਨੇਜਰ ਹਨੀ ਦੀ ਆਪਣੇ ਨਾਲ ਹੀ ਡਿਊਟੀ ਲਾਉਂਦਾ ਸੀ। ਜਦ ਦਿਲ ਕਰਦਾ ਉਹ ਹਨੀ ਨੂੰ 'ਬੈਕ-ਆਫਿ਼ਸ' ਵਿਚ ਲੈ ਵੜਦਾ ਅਤੇ ਬਾਹਰ 'ਡੋਂਟ ਡਿਸਟਰਬ' ਦੀ ਫ਼ੱਟੀ ਲਮਕਾ ਕੇ ਕੁੰਡੀ ਚਾੜ੍ਹ ਲੈਂਦਾ...! ਇਕ ਸਿੱਧੀ-ਸਾਦੀ ਪੇਂਡੂ ਕੁੜੀ ਇੰਗਲੈਂਡ ਦਾ ਪਾਣੀ ਪੀ ਕੇ 'ਘਾਗ' ਔਰਤ ਬਣ ਗਈ ਸੀ..! ਸਮਾਂ ਆਦਮੀ ਨੂੰ ਤੁਰਨਾ ਸਿਖਾਉਂਦਾ ਹੈ। ਪਰ ਰਮਣੀਕ ਨੂੰ ਇਸ ਦੀ ਕੋਈ ਖ਼ਬਰ ਨਹੀਂ ਸੀ। ਟੈਂਕ ਜਿੱਡਾ ਗੋਰਾ ਮੈਨੇਜਰ ਹਨੀ ਨੂੰ ਹਰ ਰੋਜ ਘੰਟਾ-ਘੰਟਾ ਰੂੰ ਵਾਂਗ ਪਿੰਜਦਾ। ਹਨੀ ਦਾ ਕੰਮ ਹੋਰ ਔਰਤਾਂ ਕਰਦੀਆਂ। ਪਰ ਮੂੰਹ ਕੋਈ ਵੀ ਨਾ ਖੋਲ੍ਹਦੀ! ਮੈਨੇਜਰ ਨਾਲ ਦੁਸ਼ਮਣੀਂ, ਸਮੁੰਦਰ ਵਿਚ ਰਹਿ ਕੇ ਮਗਰਮੱਛ ਨਾਲ ਵੈਰ ਪਾਉਣ ਦੇ ਬਰਾਬਰ ਸੀ। ਨੌਕਰੀ ਜਾਣ ਦਾ ਖ਼ਤਰਾ ਸੀ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 15)

    ਹਨੀ ਨੂੰ ਕੰਮ 'ਤੇ ਲੱਗੀ ਨੂੰ ਤਕਰੀਬਨ ਤਿੰਨ ਮਹੀਨੇ ਹੋ ਗਏ ਸਨ। ਹਨੀ ਦੇ ਬਾਪੂ ਦਾ ਉਸ ਨੂੰ ਤਕਰੀਬਨ ਹਫ਼ਤੇ ਵਿਚ ਦੋ-ਤਿੰਨ ਵਾਰ ਫ਼ੋਨ ਆ ਜਾਂਦਾ। ਉਹ ਹਰ ਵਾਰ ਬੁੱਕਣ ਨੂੰ ਇੰਗਲੈਂਡ ਬੁਲਾਉਣ ਲਈ ਜੋਰ ਪਾਉਂਦਾ। ਹਨੀ ਟਰੱਪਲ਼ ਮਾਰ ਕੇ ਆਖਦੀ ਕਿ ਅਜੇ ਉਹ ਕੰਮ 'ਤੇ ਨਹੀਂ ਲੱਗੀ। ਜਦੋਂ ਕੰਮ 'ਤੇ ਲੱਗ ਗਈ, ਬੁੱਕਣ ਨੂੰ ਰਾਹਦਾਰੀ ਭੇਜ ਦੇਵੇਗੀ।
    -"ਦੋ ਕਿੱਲੇ ਫੂਕ ਕੇ ਤੇਰਾ ਵਿਆਹ ਕੀਤਾ ਸੀ ਹਨਿੰਦਰ..! ਪਰ ਤੂੰ ਆਪਣੇ ਬੁੱਕਣ ਬਾਰੇ ਜਰੂਰ ਕੁਛ ਸੋਚ...! ਚਾਹੇ ਕੋਈ ਅੰਨ੍ਹੀਂ ਕਾਣੀਂ, ਛੱਡੀ ਛੱਡਾਈ ਭਾਲ ਲਈਂ ਧੀਏ..! ਐਥੇ ਚਾਰ ਕਿੱਲਿਆਂ ਦੇ ਮੂੰਹ ਨੂੰ ਇਹਨੂੰ ਕਿਸੇ ਨੇ ਸਕੀ ਧੀ ਨਹੀਂ ਦੇਣੀਂ..! ਅੱਜ ਕੱਲ੍ਹ ਜੱਟਾਂ ਦੀ ਨਸੌੜ ਬੜੀ ਉਚੀ ਹੋਈ ਵੀ ਐ..! ਤੇਰੀ ਖਾਤਰ ਦੋ ਕਿੱਲਿਆਂ ਨੂੰ ਇਸੇ ਕਰਕੇ ਈ ਲਾਂਬੂ ਲਾਇਆ ਸੀ, ਬਈ ਤੇਰੇ ਨਾਲ ਸਾਡੀ ਜੂਨ ਵੀ ਸੁਧਰਜੂ...।"
    -"ਐਥੇ ਜਾ ਕੇ ਸਹੁਰਿਆਂ ਦੀ ਹੋ ਕੇ ਬਹਿਗੀ...? ਸਾਡਾ ਵੀ ਖਿਆਲ ਰੱਖ ਮਾੜਾ ਮੋਟਾ...! ਕਿੰਨੀ ਨਿਮ੍ਹੋਰੀ ਹੋਗੀ ਕੁੜ੍ਹੇ ਤੂੰ...? ਤੂੰ ਪ੍ਰਾਹੁਣੇ ਨੂੰ ਈ ਪੁੱਛ ਕੇ ਦੇਖਲਾ...! ਤੀਮੀ ਦੇ ਮਗਰ ਬੰਦਾ ਨਾ ਲੱਗੇ...? ਤੀਮੀ 'ਚ ਕਣ ਕੰਡਾ ਹੋਣਾਂ ਚਾਹੀਦੈ, ਬੰਦਾ ਤਾਂ ਬਾਂਦਰ ਮਾਂਗੂੰ ਅੱਗੇ ਪਿੱਛੇ ਟੱਪਦਾ ਫਿਰਦੈ...!" ਬੇਬੇ ਨੇ ਵੀ ਹਨੀ ਨੂੰ ਮਿਹਣਾਂ ਦਿੱਤਾ ਸੀ।
    -"ਤੂੰ ਪ੍ਰਾਹੁਣੇ ਦੇ ਗਿੱਟਿਆਂ ਨੂੰ ਪੈ...!" ਵਿਚ ਦੀ ਬਾਪੂ ਬੋਲ ਗਿਆ ਸੀ।
    -"ਚੱਲ ਮੈਂ ਕਰਦੀ ਐਂ ਗੱਲ ਅੱਜ-!" ਆਖ ਕੇ ਉਸ ਨੇ ਫ਼ੋਨ ਰੱਖ ਦਿੱਤਾ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 14)

                ਸੀਤਲ ਦੁਬਿਧਾ ਵਿਚ ਫ਼ਸੀ ਹੋਈ ਸੀ। ਨਾ ਤਾਂ ਉਹ ਇਮਰਾਨ ਨੂੰ ਛੱਡਣਾਂ ਚਾਹੁੰਦੀ ਸੀ ਅਤੇ ਨਾ ਹੀ ਇਸਲਾਮ ਕਬੂਲ ਕਰਨਾ ਚਾਹੁੰਦੀ ਸੀ। ਪਰ ਦੋ ਬੇੜੀਆਂ ਦੀ ਸਵਾਰ ਉਹ ਹੋਣਾਂ ਨਹੀਂ ਚਾਹੁੰਦੀ ਸੀ। ਹੁਣ ਉਸ ਨੂੰ ਮਾਂ ਬਾਪ ਉਤਨੇ ਬੁਰੇ ਜਿਹੇ ਨਹੀਂ ਲੱਗਦੇ ਸਨ, ਜਿੰਨੇ ਉਹ ਪਹਿਲਾਂ ਲੱਗਦੇ ਸਨ। ਹੁਣ ਉਸ ਨੂੰ ਕਦੇ ਕਦੇ ਮਾਂ ਬਾਪ ਦਾ ਨਿੱਘਾ ਨਿੱਘਾ ਪਿਆਰ ਜਿਹਾ ਵੀ ਆਉਣ ਲੱਗ ਪਿਆ। ਹੁਣ ਉਹ ਇਮਰਾਨ ਨਾਲ਼ ਉਸ ਦੇ ਕਮਰੇ ਵਿਚ ਕੁਝ ਘੰਟੇ ਬਿਤਾਉਣ ਤੋਂ ਬਾਅਦ ਚੁੱਪ ਚਾਪ ਆਪਣੇ ਕਮਰੇ ਵਿਚ ਜਾ ਪੈਂਦੀ। ਅੱਗੇ ਵਾਂਗ ਕਿਸੇ ਨੂੰ ਖਿਝ ਕੇ ਨਹੀਂ ਪੈਂਦੀ ਸੀ। ਵੱਢੂੰ-ਖਾਊਂ ਨਹੀਂ ਕਰਦੀ ਸੀ। ਚੁੱਪ ਚਾਪ ਜਿਹੀ ਰਹਿੰਦੀ ਸੀ। ਖ਼ਾਨ ਦੀਆਂ ਗੱਲਾਂ ਤੋਂ ਉਸ ਨੂੰ ਇੰਜ ਮਹਿਸੂਸ ਹੋਇਆ ਸੀ ਕਿ ਖ਼ਾਨ ਬਦੋਬਦੀ ਉਸ ਤੋਂ ਧਰਮ ਤਬਦੀਲ ਕਰਵਾਉਣ ਲਈ ਜੋਰ ਪਾ ਰਿਹਾ ਸੀ। ਦੁਨੀਆਂ ਐਨੀ ਵੀ ਗਿਰ ਸਕਦੀ ਹੈ? ਇਸ ਬਾਰੇ ਕਦੇ ਉਸ ਨੇ ਜਿ਼ੰਦਗੀ ਵਿਚ ਵੀ ਸੋਚਿਆ ਨਹੀਂ ਸੀ ਕਿ ਦੁਨੀਆਂ ਦੇ ਲੋਕ ਆਪਣੇ ਧਰਮ ਪ੍ਰਤੀ ਇਤਨੇ ਸੁਆਰਥੀ ਵੀ ਹੋ ਸਕਦੇ ਹਨ...? ਪਿਆਰ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ...! ਇਸ਼ਕ ਨਾ ਦੇਖੇ ਜ਼ਾਤ ਕੁਜਾਤ ਤੇ ਭੁੱਖ ਨਾ ਦੇਖੇ ਮਾਸ...! ਇਹਦੇ ਬਾਰੇ ਮੈਂ ਕੱਲ੍ਹ ਨੂੰ ਇਮਰਾਨ ਨਾਲ਼ ਇਕ ਟੁੱਕ ਗੱਲ ਕਰਾਂਗੀ ਕਿ ਉਸ ਦੀ ਤਜ਼ਵੀਜ਼ ਕੀ ਹੈ...? ਪਰ ਇਮਰਾਨ ਨੇ ਤਾਂ ਕਦੇ ਧਰਮ ਬਦਲਣ ਬਾਰੇ ਬਾਤ ਵੀ ਨਹੀਂ ਪਾਈ...? ਹੋ ਸਕਦੈ ਇਮਰਾਨ ਸਿਰਫ਼ ਮੇਰੇ ਜਿਸਮ ਨਾਲ਼ ਹੀ ਖੇਡਦਾ ਹੋਵੇ, ਤੇ ਮੁੜ ਕੇ ਧਰਮ ਦਾ ਬਹਾਨਾ ਲਾ ਕੇ ਲੱਤ ਮਾਰੇ...? ਪਰ ਇਮਰਾਨ ਇਹੋ ਜਿਹਾ ਦੁਸ਼ਟ ਲੱਗਦਾ ਨਹੀਂ...। ਉਸ ਦਾ ਬਾਪ ਹੀ ਚੋਰ ਅਤੇ ਚਤਰ ਜਿਹਾ ਲੱਗਦਾ ਹੈ...। ਉਸ ਦੀ ਨਜ਼ਰ ਵੀ ਤਾਂ ਸ਼ੈਤਾਨ ਜਿਹੀ ਹੀ ਹੈ...। ਗੱਲ ਕਰਦਾ ਕਰਦਾ ਹਮੇਸ਼ਾ ਦੰਦੀਆਂ ਜਿਹੀਆਂ ਕੱਢੀ ਜਾਊ...! ਯੱਧਾ ਹੋਇਐ ਮਜ਼ਹਬ ਤਬਦੀਲ ਕਰਨ ਦਾ...! ਮੈਂ ਇਮਰਾਨ ਨੂੰ ਛੱਡ ਦੇਵਾਂਗੀ, ਪਰ ਆਪਣਾ ਸਿੱਖੀ ਧਰਮ ਨਹੀਂ ਛੱਡਾਂਗੀ...! ਆਖਰ ਫਿ਼ਰ ਵੀ ਸਿੱਖਾਂ ਦੀ ਕੁੜੀ ਹਾਂ..!

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 13)

    ਇਮਰਾਨ ਦੇ ਬਾਪ ਖ਼ਾਨ ਨੇ ਇਮਰਾਨ ਨੂੰ ਥਾਪੀ ਦਿੱਤੀ ਸੀ। ਉਸ ਦੇ ਸੂਰਮੇਂ ਪੁੱਤਰ ਨੇ ਸਰਦਾਰਾਂ ਦੀ ਕੁੜੀ ਪੱਟ ਕੇ ਉਸ ਦੀ ਭਾਈਚਾਰੇ ਵਿਚ ਸ਼ਾਨ ਬਣਾਈ ਸੀ..। ਇਮਰਾਨ ਉਸ ਦਾ ਵਾਕਿਆ ਹੀ ਝੰਡੇ ਹੇਠਲਾ ਪੁੱਤਰ ਸੀ, ਜਿਸ ਨੇ ਟੀਸੀ ਦਾ ਬੇਰ ਤੋੜਿਆ ਸੀ..। ਰੋੜੇ ਨਹੀਂ ਮਾਰੇ ਸਨ, ਬੱਸ ਹੱਥ ਪਾ ਕੇ ਹੀ ਤੋੜ ਲਿਆ ਸੀ...। ਬਾਪ ਦੇ ਥਾਪੜੇ ਨਾਲ਼ ਇਮਰਾਨ ਸ਼ੇਰ ਬਣ ਗਿਆ...। ਉਹ ਤਾਂ ਬਾਪ ਤੋਂ ਡਰ ਰਿਹਾ ਸੀ..? ਪਰ ਬਾਪ ਨੇ ਤਾਂ ਉਸ ਦੀ ਸੋਚ ਤੋਂ ਉਲਟ ਥਾਪੜਾ ਦਿੱਤਾ ਸੀ..! ਉਸ ਨੇ ਸਾਰੀ ਗੱਲ ਸੀਤਲ ਨੂੰ ਜਾ ਦੱਸੀ...। ਸੀਤਲ ਦੇ ਧਰਤੀ 'ਤੇ ਪੈਰ ਲੱਗਣੋਂ ਹੱਟ ਗਏ...। ਉਹ ਅਸਮਾਨ ਹੀ ਤਾਂ ਉਡ ਗਈ ਸੀ...। ਬੱਦਲ਼ਾਂ ਦੀ ਬੁੱਕਲ਼ ਵਿਚ ਬੈਠ...! ਸੀਤਲ ਤਾਂ ਸੋਚ ਰਹੀ ਸੀ ਕਿ ਮੁਸਲਮਾਨ ਭਾਈਚਾਰਾ ਤਾਂ ਸਾਡੇ ਭਾਈਚਾਰੇ ਨਾਲ਼ੋਂ ਵੀ ਕੱਟੜਪੰਥੀ ਅਤੇ ਮਜ੍ਹਬੀ ਸਿਧਾਂਤਾਂ ਪ੍ਰਤੀ ਸਖ਼ਤ ਹੈ...? ਕੀ ਪਤਾ ਇਮਰਾਨ ਦਾ ਅਮੀਰ ਬਾਪ ਸਾਡੀ ਇਸ ਮਿੱਤਰਤਾਈ ਨੂੰ ਮਾਨਤਾ ਦੇਵੇ, ਜਾਂ ਸ਼ਾਇਦ ਨਾ ਦੇਵੇ...? ਸਾਡੀ ਦੋਸਤੀ ਕਬੂਲੇ ਜਾਂ ਸ਼ਾਇਦ ਨਾ ਕਬੂਲੇ...? ਉਸ ਨੂੰ ਇਹ ਡਰ ਦਿਨ ਰਾਤ ਘੁਣ ਵਾਂਗ ਅੰਦਰੋ ਅੰਦਰੀ ਖਾਂਦਾ ਰਹਿੰਦਾ। ਪਰ ਅੱਜ ਇਮਰਾਨ ਨੇ ਉਸ ਨੂੰ ਜਦੋਂ ਇਹ ਖ਼ਬਰ ਸੁਣਾਈ ਤਾਂ ਉਹ ਖ਼ੁਸ਼ੀ ਵਿਚ ਪਾਗਲ ਹੋਣ ਵਾਲ਼ੀ ਹੋ ਗਈ। ਉਸ ਨੇ ਇਮਰਾਨ ਦੇ ਗਲ਼ ਨੂੰ ਚਿੰਬੜ ਕੇ "ਓਹ ਰੀਅਲੀ...!" ਦੀ ਚੀਕ ਮਾਰੀ ਸੀ। ਤੇ ਇਮਰਾਨ ਨੇ ਵੀ ਲਲਕਾਰਾ ਮਾਰਨ ਵਾਲਿ਼ਆਂ ਵਾਂਗ, "ਯੈਹ...!" ਆਖਿਆ ਸੀ।     ਇਮਰਾਨ ਨੇ ਉਸ ਨੂੰ ਇਕ ਨਵਾਂ ਨਕੋਰ ਮੋਬਾਇਲ ਫ਼ੋਨ ਵੀ ਦਿੱਤਾ, ਜਿਹੜਾ ਉਸ ਦੇ ਬਾਪ, ਖ਼ਾਨ ਨੇ ਭਵਿੱਖ ਵਿਚ ਬਣਨ ਵਾਲ਼ੀ "ਨੂੰਹ ਰਾਣੀਂ" ਲਈ ਭੇਜਿਆ ਸੀ! ਇਸ ਤੋਂ ਇਲਾਵਾ ਖ਼ਾਨ ਨੇ ਦੋ ਸੌ ਇਕ ਪੌਂਡ 'ਸ਼ਗਨ' ਵੀ ਭੇਜਿਆ ਸੀ। ਖ਼ਾਨ ਨੇ ਇਹ ਇੱਛਾ ਵੀ ਜ਼ਾਹਿਰ ਕੀਤੀ ਸੀ ਕਿ ਇਮਰਾਨ ਸੀਤਲ ਨੂੰ ਜ਼ਰੂਰ ਆਪਣੇ ਨਾਲ਼ ਘਰ ਲੈ ਕੇ ਆਵੇ ਅਤੇ ਸਾਰੇ ਪ੍ਰੀਵਾਰ ਨੂੰ ਮਿਲਾਵੇ। ਸੀਤਲ ਨੂੰ ਮਿਲ ਕੇ ਅਸੀਂ ਬਹੁਤ ਖ਼ੁਸ਼ੀ ਮਹਿਸੂਸ ਕਰਾਂਗੇ। ਸਾਡੇ ਬਾਪ ਦਾਦੇ ਵੀ 1947 ਵਿਚ ਪੰਜਾਬ ਤੋਂ ਜਲੰਧਰ ਲਾਗਿਓਂ ਪਾਕਿਸਤਾਨ ਆਏ ਸਨ ਅਤੇ ਸਾਡਾ ਹਿੰਦੋਸਤਾਨ ਦੇ ਪੰਜਾਬ ਨਾਲ਼ ਨਹੁੰ ਮਾਸ ਦਾ ਰਿਸ਼ਤਾ ਸੀ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 12)

    ਗੁਰਚਰਨ ਸਿੰਘ ਦੇ ਘਰ ਵਿਚ ਤੂਫ਼ਾਨ ਮੱਚਿਆ ਹੋਇਆ ਸੀ। ਕਾਲਜ ਤੋਂ ਬਾਅਦ ਇਮਰਾਨ ਨਾਲ਼ ਕਿਸੇ ਪੱਬ ਜਾਂ ਕਲੱਬ ਵਿਚ ਜਾਣਾ ਸੀਤਲ ਦਾ 'ਰੁਟੀਨ' ਹੀ ਬਣ ਗਿਆ ਸੀ। ਪਹਿਲੇ ਕੁਝ ਦਿਨ ਕੁਝ ਬਹਾਨੇ ਚੱਲਦੇ ਰਹੇ। ਕਿਰਪਾਲ ਕੌਰ ਅਤੇ ਗੁਰਚਰਨ ਸਿੰਘ ਵੀ ਇਕ ਤਰ੍ਹਾਂ ਨਾਲ਼ ਆਵੇਸਲ਼ੇ ਹੀ ਰਹੇ। ਉਹਨਾਂ ਨੂੰ ਸੀਤਲ ਧੀ 'ਤੇ ਪੂਰਨ ਵਿਸ਼ਵਾਸ ਜਿਉਂ ਸੀ? ਪਰ ਇਕ ਦਿਨ ਜਦੋਂ ਸੀਤਲ ਘਰ ਆਈ, ਤਾਂ ਉਸ ਦੇ ਪੈਰ ਧਰਤੀ 'ਤੇ ਖੜ੍ਹ ਨਹੀਂ ਰਹੇ ਸਨ। ਉਸ ਦਾ ਸਰੀਰ ਡੋਲ ਰਿਹਾ ਸੀ। ਰੱਬ ਦਾ ਸ਼ੁਕਰ ਕਿ ਗੁਰਚਰਨ ਸਿੰਘ ਘਰ ਨਹੀਂ ਸੀ। ਧੀ ਦੀ ਸ਼ਰਾਬੀ ਹਾਲਤ ਦੇਖ ਕੇ ਕਿਰਪਾਲ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕੀ। ਸਿਰ ਨੂੰ ਚੱਕਰ ਆਇਆ। ਉਸ ਨੇ ਬੇਹੋਸ਼ੀ ਜਿਹੀ ਦੇ ਆਲਮ ਵਿਚ ਸੀਤਲ ਨੂੰ ਡੌਲਿ਼ਆਂ ਤੋਂ ਜਾ ਫੜਿਆ।
    -"ਨ੍ਹੀ ਕੀ ਹੋ ਗਿਆ ਤੈਨੂੰ...?" ਕਿਰਪਾਲ ਕੌਰ ਨੇ ਇਕ ਤਰ੍ਹਾਂ ਨਾਲ਼ ਲੇਰ ਜਿਹੀ ਮਾਰੀ।
    -"ਨਥਿੰਗ ਮੰਮ...! ਨਥਿੰਗ ਐਟ ਔਲ...! ਆਈ ਐਮ ਫ਼ਾਈਨ..!" ਸੀਤਲ ਖੜ੍ਹੀ ਹੱਸੀ ਜਾ ਰਹੀ ਸੀ। ਉਸ ਦੇ ਵਾਲ਼ ਉਸ ਦੇ ਮੂੰਹ 'ਤੇ ਖਿੱਲਰੇ ਹੋਏ ਸਨ।
    ਕਿਰਪਾਲ ਕੌਰ ਨੂੰ ਉਸ ਦੇ ਮੂੰਹ 'ਚੋਂ ਸ਼ਰਾਬ ਦਾ ਮੁਸ਼ਕ ਆਇਆ।
    ਉਸ ਦੀਆਂ ਖਾਨਿਓਂ ਗੁਆਚ ਗਈਆਂ।
    -"ਨ੍ਹੀ ਤੂੰ ਸ਼ਰਾਬ ਪੀਤੀ ਐ...?" ਕਿਰਪਾਲ ਕੌਰ ਨੂੰ ਦੰਦਲ਼ ਪੈਣ ਵਾਲ਼ੀ ਹੋ ਗਈ।
    -"ਹਾਂ-।" ਉਸ ਨੇ ਪੌੜੀਆਂ ਵਿਚ ਬੈਠਦੀ ਨੇ ਆਖਿਆ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 11)

    ਅਜੇ ਰਮਣੀਕ ਕੰਮ 'ਤੇ ਜਾਣ ਲਈ ਤਿਆਰ ਹੀ ਹੋਇਆ ਸੀ ਕਿ ਕਿਸੇ ਦਾ ਫ਼ੋਨ ਖੜਕ ਪਿਆ।
    ਫ਼ੋਨ ਹਨੀ ਨੇ ਹੀ ਚੁੱਕਿਆ।
    ਜਦੋਂ ਉਸ ਨੇ 'ਹੈਲੋ' ਕਿਹਾ ਤਾਂ ਅੱਗਿਓਂ ਕਿਸੇ ਦੇ ਡੁਸਕਣ ਅਤੇ ਫਿਰ ਰੋਣ ਦੀ ਅਵਾਜ਼ ਆਈ। ਹਨੀ ਹੈਰਾਨ ਹੋ ਗਈ। ਇਹ ਕੌਣ ਸੀ? ਜੋ ਫ਼ੋਨ 'ਤੇ 'ਹੈਲੋ' ਕਹਿਣ ਸਾਰ ਹੀ ਰੋਣ ਲੱਗ ਪਿਆ।   
    -"ਕੌਣ ਐਂ...?" ਹਨੀ ਨੇ ਫਿਰ ਪੁੱਛਿਆ।
    -"ਹੈਲੋ...?" ਫ਼ੋਨ ਕਰਨ ਵਾਲ਼ੀ ਕੋਈ ਔਰਤ ਸੀ। ਉਸ ਨੇ ਨੱਕ ਸੁਣਕਦਿਆਂ 'ਹੈਲੋ' ਆਖੀ ਸੀ।
    -"ਹਾਂ, ਬੋਲੋ ਤਾਂ ਸਹੀ...!" ਹਨੀ ਨੇ ਆਖਿਆ।
    -"ਹਨੀ ਭੈਣ ਜੀ ਮੈਂ ਦਵਿੰਦਰ ਬੋਲਦੀ ਆਂ..! ਤੁਸੀਂ ਮੈਨੂੰ ਨਹੀਂ ਜਾਣਦੇ, ਮੇਰੇ ਹੱਸਬੈਂਡ ਤੁਹਾਡੇ ਹੱਸਬੈਂਡ ਨਾਲ਼ ਸਕਿਊਰਿਟੀ ਵਿਚ ਕੰਮ ਕਰਦੇ ਨੇ...!" ਦਵਿੰਦਰ ਨੇ ਅੱਗਿਓਂ ਸੰਭਲਦਿਆਂ ਕਿਹਾ।
    -"ਹਾਂ ਦੱਸੋ ਕੀ ਕੰਮ ਐਂ...? ਸਭ ਸੁੱਖ ਸਾਂਦ ਤਾਂ ਹੈ...?"

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 10)

    ਹਨੀ ਅਜੇ ਕੰਮ 'ਤੇ ਜਾਣ ਲਈ ਤਿਆਰ ਹੀ ਹੋ ਰਹੀ ਸੀ ਕਿ ਉਹਨਾਂ ਦਾ ਬਾਹਰਲਾ ਦਰਵਾਜਾ ਬੜੇ ਜੋਰ ਨਾਲ਼ ਖੜਕਿਆ।
    ਹਨੀ ਡਰ ਗਈ!
    -"ਕੁੜ੍ਹੇ ਹਨੀ..! ਕੁੜ੍ਹੇ ਹਨਿੰਦਰ, ਬਾਰ ਤਾਂ ਖੋਲ੍ਹ...!" ਰਮਣੀਕ ਦੀ ਗੁਆਂਢਣ ਕਿਰਪਾਲ ਕੌਰ ਹਫ਼ੀ ਹੋਈ ਹਨੀ ਦਾ ਦਰਵਾਜਾ ਖੜਕਾ ਨਹੀਂ, ਇਕ ਤਰ੍ਹਾਂ ਨਾਲ਼ ਭੰਨ ਰਹੀ ਸੀ।
    ਖੜਕਾਹਟ ਸੁਣ ਕੇ ਹਨੀ ਦਾ ਤਰਾਹ ਨਿਕਲ਼ ਗਿਆ।
    ਉਸ ਨੇ ਉਭੜ੍ਹਵਾਹੇ ਦਰਵਾਜਾ ਜਾ ਖੋਲ੍ਹਿਆ।
    -"ਕੀ ਗੱਲ ਐ ਚਾਚੀ ਜੀ..? ਸੁੱਖ ਤਾਂ ਹੈ...?" ਉਸ ਨੇ ਅੱਕਲ਼ਕਾਨ ਹੋਈ ਚਾਚੀ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ।
    -"ਨ੍ਹੀ ਕਾਹਦੀ ਸੁੱਖ ਐ ਹਨੀ...! ਆਪਣੀ ਸੀਤਲ ਦਾ ਪਤਾ ਲੱਗ ਗਿਆ..! ਉਹ ਪਾਕਿਸਤਾਨ 'ਚ ਐਂ...!" ਚਾਚੀ ਨੇ ਅਜੀਬ ਅਕਾਸ਼ਬਾਣੀ ਕੀਤੀ ਤਾਂ ਹਨੀ ਦੇ ਦਿਲ ਦੇ ਥੰਮ੍ਹ ਹਿੱਲ ਗਏ।
    -"ਪਾਕਿਸਤਾਨ...?" ਉਸ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ। ਧਰਤੀ ਘੁਕਦੀ ਦਿਸੀ।
    -"ਨ੍ਹੀ ਆਹੋ...! ਮਨਿਸਟਰੀ ਵਾਲਿ਼ਆਂ ਦਾ ਫ਼ੂਨ ਆਇਐ...! ਉਹ ਹਰਾਮ ਦੀ ਤਾਂ ਪਾਕਿਸਤਾਨ ਐਂ...! ਸਾਡੀ ਤਾਂ ਜਿਹੜੀ ਮਾੜੀ ਮੋਟੀ ਇੱਜਤ ਰਹਿੰਦੀ ਸੀ, ਉਹ ਵੀ ਪੁਲੀਤ ਹੋਗੀ ਕੁੜ੍ਹੇ ਹਨੀ...!" ਚਾਚੀ ਨੇ ਰੋਣਾਂ ਸ਼ੁਰੂ ਕਰ ਦਿੱਤਾ। ਨਾਲ਼ ਦੀ ਨਾਲ਼ ਉਸ ਨੇ ਪੱਟਾਂ 'ਤੇ ਦੁਹੱਥੜ ਮਾਰੀ ਸੀ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 9)

ਰਮਣੀਕ ਚਾਹੇ ਹਨੀ ਤੋਂ ਦਸ ਸਾਲ ਵੱਡਾ ਹੀ ਸੀ। ਪਰ ਸੀ ਬਹੁਤ ਸਾਊ ਮੁੰਡਾ..! ਉਸ ਨੇ ਹਨੀ ਨੂੰ ਕਦੇ ਵੀ ਸ਼ੱਕ ਦੀ ਨਜ਼ਰ ਨਾਲ਼ ਨਾ ਦੇਖਿਆ। ਹਾਲਾਂ ਕਿ ਹਨੀ ਉਸ ਤੋਂ ਦਿਨ-ਬਦਿਨ ਬੇਪ੍ਰਵਾਹ ਹੀ ਹੁੰਦੀ ਜਾ ਰਹੀ ਸੀ। ਦੋ ਕੁ ਲੱਖ ਰੁਪਈਆ ਉਸ ਨੇ ਓਵਰਟਾਈਮ ਲਾ ਕੇ ਰਮਣੀਕ ਤੋਂ ਚੋਰੀ ਆਪਣੇ ਬਾਪ ਨੂੰ ਭੇਜ ਦਿੱਤਾ ਸੀ ਅਤੇ ਹਦਾਇਤ ਕੀਤੀ ਸੀ ਕਿ ਉਸ ਦੇ ਭੇਜੇ ਪੈਸਿਆਂ ਬਾਰੇ ਕਿਸੇ ਨੂੰ ਭੇਦ ਤੱਕ ਨਾ ਲੱਗੇ ਅਤੇ ਨਾ ਹੀ ਕਿਸੇ ਚਿੱਠੀ ਵਿਚ ਪੈਸੇ ਭੇਜਣ ਦਾ ਕੋਈ ਵੇਰਵਾ ਪਾਇਆ ਜਾਵੇ..! ਬਜੁਰਗ ਬੜਾ ਖ਼ੁਸ਼ ਸੀ। ਸੋਨੇ ਦਾ ਅੰਡਾ ਦੇਣ ਵਾਲ਼ੀ ਧੀ ਹੁਣ ਚਾਲ਼ੀ-ਪੰਜਾਹ ਹਜ਼ਾਰ ਰੁਪਏ ਤੋਂ ਘੱਟ ਚੈੱਕ ਹੀ ਨਹੀਂ ਭੇਜਦੀ ਸੀ। ਉਸ ਦੀਆਂ ਤਾਂ ਲਹਿਰਾਂ ਬਹਿਰਾਂ ਹੋ ਗਈਆਂ ਸਨ। ਪੂਰੀਆਂ ਪੌਂ ਬਾਰਾਂ..! ਦਸ ਕਿੱਲਿਆਂ ਦੇ ਮਾਲਕ ਜਿ਼ਮੀਦਾਰ ਨੂੰ ਸਾਲ ਵਿਚ ਮਸਾਂ ਹੱਡ ਗੋਡੇ ਰਗੜਾ ਕੇ ਅਤੇ ਰਾਤਾਂ ਝਾਕ ਕੇ ਮਸਾਂ ਚਾਲ਼ੀ-ਪੰਜਾਹ ਹਜ਼ਾਰ ਪੱਲੇ ਪੈਂਦਾ ਸੀ। ਤੇ ਇਧਰ ਹਨੀ ਧੀ ਨੇ ਤਾਂ ਹਰ ਦੂਜੇ ਤੀਜੇ ਮਹੀਨੇ ਚਾਲ਼ੀ-ਪੰਜਾਹ ਹਜ਼ਾਰ ਸੁੱਟਣਾਂ ਸ਼ੁਰੂ ਕਰ ਦਿੱਤਾ ਸੀ। ਹਨੀ ਮਸ਼ੀਨ ਬਣ ਪੈਸੇ ਸੁੱਟਣ ਲੱਗ ਪਈ ਸੀ..। ਹੁਣ ਤਾਂ ਹਨੀ ਦਾ ਪਿਉ ਸ਼ਹਿਰ ਹੀ ਰਹਿੰਦਾ ਸੀ ਅਤੇ ਸ਼ਾਮ ਨੂੰ ਆਉਣ ਲੱਗਿਆ ਉਹ ਅੰਗਰੇਜ਼ੀ ਦਾ ਪਊਆ ਵੀ ਅੰਦਰ ਸੁੱਟਦਾ ਸੀ। ਆਂਢ ਗੁਆਂਢ ਦੀ ਜ਼ਮੀਨ 'ਤੇ ਵੀ ਉਸ ਨੇ ਅੱਖ ਜਿਹੀ ਰੱਖਣੀ ਸ਼ੁਰੂ ਕਰ ਦਿੱਤੀ। ਸਿਆਣੇ ਆਖਦੇ ਹਨ ਕਿ ਜੀਹਦੇ ਘਰ ਦਾਣੇਂ ਉਹਦੇ ਕਮਲ਼ੇ ਵੀ ਸਿਆਣੇਂ..! ਅੱਗੇ ਤਾਂ ਬਜੁਰਗ ਦੀਆਂ ਬੂਦਾਂ ਹੀ ਸਪੋਲ਼ੀਏ ਬਣੀਆਂ ਅੱਘੜ ਦੁਘੜੀ ਪੱਗ 'ਚੋਂ ਬਾਹਰ ਜੀਭਾਂ ਕੱਢਦੀਆਂ ਰਹਿੰਦੀਆਂ। ਪਰ ਹੁਣ ਤਾਂ ਬਾਪੂ ਹਰ ਰੋਜ ਨਹਾ ਧੋ ਕੇ ਸਰੀਰ ਨੂੰ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨ ਲੱਗ ਪਿਆ ਸੀ। ਉਸ ਦੀ ਮੂਲ਼ੀ ਵਰਗੀ ਧੌਣ ਬੋਹੜ ਦੇ ਮੁੱਛ ਵਾਂਗ ਫ਼ੈਲਰਦੀ ਜਾ ਰਹੀ ਸੀ। ਮੁਫ਼ਤ ਦੀ ਕਮਾਈ...! ਨਾ ਕੋਈ ਫਿ਼ਕਰ ਨਾ ਫ਼ਾਕਾ...!

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 8)

    ਸਵੇਰ ਦੇ ਛੇ ਵਜੇ ਸਨ।
    ਅਜੇ ਮੂੰਹ ਹਨ੍ਹੇਰਾ ਹੀ ਸੀ।
    ਅੱਜ ਗੁਰਮੇਲ ਕੌਰ ਦੀ ਅੱਖ ਸਵੇਰੇ ਤਿੰਨ ਵਜੇ ਹੀ ਖੁੱਲ੍ਹ ਗਈ ਸੀ। ਰਾਤ ਬਾਰਾਂ ਵਜੇ ਤੱਕ ਨੀਂਦ ਨਹੀਂ ਆਈ ਸੀ। ਸਾਰੀ ਰਾਤ ਅੱਚਵੀ ਜਿਹੀ ਲੱਗੀ ਹੋਈ ਸੀ। ਇਕਲੌਤੀ ਧੀ ਜਿਉਂ ਹਸਪਤਾਲ਼ ਪਈ ਸੀ। ਉਹ ਸਾਰੀ ਰਾਤ ਰੱਬ ਅੱਗੇ ਅਰਦਾਸਾਂ ਕਰਦੀ ਰਹੀ ਸੀ। ਜੰਗੀਰ ਦੋ ਕਰੜੇ ਪੈੱਗ ਲਾ ਕੇ ਸੌਂ ਗਿਆ ਸੀ। ਪਰ ਗੁਰਮੇਲ ਕੌਰ ਨੂੰ ਅੱਧੀ ਰਾਤ ਤੱਕ ਨੀਂਦ ਨਹੀਂ ਪਈ ਸੀ। ਜਦੋਂ ਉਸ ਦੀ ਅੱਖ ਲੱਗਦੀ, ਫ਼ੱਟੜ ਹੋਈ ਪ੍ਰੀਤ ਜਿਵੇਂ ਕੁਰਲਾ ਕੇ ਉਸ ਨੂੰ ਅਵਾਜ਼ਾਂ ਮਾਰਦੀ। ਉਹ ਉਭੜਵਾਹੇ ਉਠਦੀ। ਪਰ ਜਦੋਂ ਉਸ ਨੂੰ ਕੋਈ ਨਜ਼ਰ ਨਾ ਆਉਂਦਾ ਤਾਂ ਉਹ 'ਵਾਹਿਗੁਰੂ' ਆਖ ਕੇ ਫਿਰ ਪੈ ਜਾਂਦੀ।
    ਉਸ ਨੇ ਉਠ ਕੇ ਚਾਹ ਬਣਾਈ। ਚਾਹ ਪੀਣ ਨੂੰ ਉਸ ਦਾ ਮਨ ਤਾਂ ਨਹੀਂ ਮੰਨਦਾ ਸੀ। ਪਰ ਉਸ ਨੇ ਧੱਕੇ ਨਾਲ਼ ਇਕ ਗਿਲਾਸ ਚਾਹ ਦਾ ਪੀ ਲਿਆ। ਪਿਛਲੀ ਰਾਤ ਉਸ ਨੇ ਰੋਟੀ ਦੀ ਬੁਰਕੀ ਵੀ ਨਹੀਂ ਖਾਧੀ ਸੀ। ਉਸ ਦਾ ਮਨ ਭਰਿਆ-ਭਰਿਆ ਪਿਆ ਸੀ। ਦਿਲ ਨਹੀਂ ਲੱਗਦਾ ਸੀ। ਉਸ ਦਾ ਮੱਥਾ ਜੋਰ ਜੋਰ ਨਾਲ਼ ਠਣਕੀ ਜਾ ਰਿਹਾ ਸੀ ਅਤੇ ਸੱਜੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ। ਅਜੇ ਉਸ ਨੇ ਵਿਹੜਾ ਹੀ ਸੁੰਭਰਨਾਂ ਸ਼ੁਰੂ ਕੀਤਾ ਸੀ ਕਿ ਕਿਸੇ ਦੀ ਅਵਾਜ਼ ਆਈ। ਉਸ ਨੇ ਬਹੁਕਰ ਰੋਕ ਕੇ ਬੜੀ ਗਹੁ ਨਾਲ਼ ਸੁਣਿਆਂ! ਸ਼ਾਇਦ ਉਸ ਨੂੰ ਭੁਲੇਖਾ ਲੱਗਿਆ ਸੀ..? ਅਜਿਹੇ ਭੁਲੇਖੇ ਤਾਂ ਉਸ ਨੂੰ ਕੱਲ੍ਹ ਦੇ ਹੀ ਪਈ ਜਾ ਰਹੇ ਸਨ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 7)

 ਪ੍ਰੀਤ ਅਤੇ ਗੀਤ ਦੀ ਦੇਖ ਦਿਖਾਈ ਤੱਕ ਗੁਰਮੇਲ ਕੌਰ ਅਤੇ ਠੇਕੇਦਾਰ ਦਾ ਆਪਣਾ 'ਸਿਲਸਲਾ' ਚੱਲਦਾ ਰਿਹਾ।
 ਠੇਕੇਦਾਰ ਦੇ ਪੈਟਰੋਲ ਪੰਪ ਦੇ ਚੁਬਾਰੇ ਵਿਚ ਰਾਤਾਂ ਨਿੱਘੀਆਂ ਹੁੰਦੀਆਂ ਰਹੀਆਂ। ਭਈਆ ਉਹਨਾਂ ਦੀ ਸੇਵਾ ਵਿਚ ਜੁਟਿਆ ਰਿਹਾ। ਪਰ ਸਾਰਾ ਭੇਦ ਪ੍ਰੀਤ ਦੇ ਰਿਸ਼ਤੇ ਦੀ 'ਆੜ' ਵਿਚ ਹੀ ਲੁਕਿਆ ਰਿਹਾ। ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਈ ਸੀ। ਭੇਦ, ਭੇਦ ਹੀ ਰਿਹਾ ਸੀ। ਪਰ ਪ੍ਰੀਤ ਜ਼ਰੂਰ ਸ਼ੱਕੀ ਹੋ ਗਈ ਸੀ ਕਿ ਉਸ ਦੀ ਮਾਂ ਘਰ ਆ ਕੇ ਸਾਰਾ ਸਾਰਾ ਦਿਨ ਸੁੱਤੀ ਕਿਉਂ ਰਹਿੰਦੀ ਸੀ..? ਪਰ ਉਸ ਨੂੰ ਅਮਰੀਕਾ ਜਾਣ ਦੇ ਸੁਪਨਿਆਂ ਵਿਚ ਬਹੁਤਾ ਕੋਈ ਮਹਿਸੂਸ ਨਹੀਂ ਹੋਇਆ ਸੀ। ਜੰਗੀਰ ਸਿੰਘ ਤਾਂ ਵੈਸੇ ਹੀ ਗੁਰਮੇਲ ਕੌਰ ਵੱਲੋਂ ਆਵੇਸਲ਼ਾ ਸੀ। ਕਿਹੜਾ ਉਸ ਦੀ ਘਰ ਵਿਚ ਕੋਈ ਪੁੱਛ-ਦੱਸ ਸੀ..? ਉਹ ਬਿਨਾਂ ਗੱਲੋਂ ਵਾੜ ਦਾ ਝਾਫ਼ਾ ਬਣ ਕੇ ਕਿਸੇ ਗੱਲ ਨੂੰ ਚਿੰਬੜਨਾ ਨਹੀਂ ਚਾਹੁੰਦਾ ਸੀ। ਆਪਣੀ ਇੱਜ਼ਤ ਆਪਦੇ ਹੱਥ ਸਮਝਦਾ ਸੀ। ਝੱਗਾ ਚੁੱਕਿਆਂ ਆਪਣਾ ਢਿੱਡ ਹੀ ਨੰਗਾ ਹੋਣਾਂ ਸੀ। ਗੁਰਮੇਲ ਕੌਰ ਦੀਆਂ ਕਾਫ਼ੀ ਚਿਰ ਦੀਆਂ ਸੁੱਤੀਆਂ ਕਲਾਂ ਜਾਗ ਚੁੱਕੀਆਂ ਸਨ। ਉਹ ਠੇਕੇਦਾਰ ਦੀ ਸ਼ੁਕਰਗੁਜ਼ਾਰ ਸੀ। ਠੇਕੇਦਾਰ ਨੇ ਉਸ ਨੂੰ ਮੁੜ ਜੁਆਨ ਕਰ ਦਿੱਤਾ ਸੀ। ਉਸ 'ਤੇ ਮੁੜ ਜੁਆਨੀ ਚੜ੍ਹ ਆਈ ਸੀ ਅਤੇ ਉਹ ਫਿਰ ਤੋਂ ਮੋਰ ਵਾਂਗ 'ਪੈਹਲਾਂ' ਪਾਉਣ ਲੱਗ ਪਈ ਸੀ। ਉਹ ਠੇਕੇਦਾਰ ਦੇ ਚੁਬਾਰੇ ਦੀਆਂ ਪੌੜੀਆਂ ਪੱਬਾਂ ਭਾਰ ਚੜ੍ਹਦੀ ਅਤੇ ਫ਼ੁੱਲ ਵਾਂਗ ਤਾਜ਼ੀ ਹੋ ਕੇ ਥੱਲੇ ਉਤਰਦੀ..।
 -"ਗੁਰਮੇਲ ਕੁਰੇ, ਕਿਤੇ ਜੰਗੀਰ ਸਿਉਂ ਨੂੰ ਕਿਸੇ ਗੱਲੋਂ ਕੋਈ ਭਿਣਕ ਤਾਂ ਨਹੀਂ ਪਈ..?" ਇਕ ਰਾਤ ਚੁਬਾਰੇ ਵਿਚ ਗੁਰਮੇਲ ਕੌਰ ਦੇ ਨਾਲ਼ ਪਏ ਠੇਕੇਦਾਰ ਨੇ ਗੱਲ ਛੇੜ ਲਈ।
 -"ਠੇਕੇਦਾਰਾ..! ਬੋਤਾ ਬੁੱਢਾ ਹੋ ਜਾਂਦੈ, ਪਰ ਉਹਨੂੰ ਸਾਰੀ ਉਮਰ ਮੂਤਣ ਦੀ ਜਾਂਚ ਨ੍ਹੀ ਆਉਂਦੀ..!" ਇਕੋ ਗੱਲ ਆਖ ਕੇ ਗੁਰਮੇਲ ਕੌਰ ਨੇ ਉਸ ਦੀ ਤਸੱਲੀ ਕਰਵਾ ਦਿੱਤੀ।
 -"ਐਸੇ ਕਰਕੇ ਮੈਂ ਉਹਤੋਂ ਬਚਦਾ ਤੁਰਿਆ ਆਉਨੈਂ..! ਅਫ਼ਸਰ ਦੇ ਅਗਾੜੀ ਤੇ ਬੋਤੇ ਦੇ ਪਿਛਾੜੀ ਲੰਘਣਾ, ਖ਼ਤਰਾ ਈ ਖ਼ਤਰਾ..!" ਠੇਕੇਦਾਰ ਹੱਸ ਪਿਆ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 6)

   ਹਨੀ ਦੇ ਬਾਪ ਮੀਹਾਂ ਸਿੰਘ ਨੇ ਜੰਗੀ ਪੱਧਰ 'ਤੇ ਹਨੀ ਲਈ ਕੋਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ।
    ਉਸ ਨੇ ਤੂਫ਼ਾਨੀ ਪੱਧਰ 'ਤੇ ਰਿਸ਼ਤੇਦਾਰੀਆਂ ਵਿਚ ਅਤੇ ਜਾਣਕਾਰਾਂ ਕੋਲ਼ ਗੇੜੇ ਕੱਢਣੇ ਸ਼ੁਰੂ ਕਰ ਦਿੱਤੇ! ਪਰ ਰਿਸ਼ਤੇਦਾਰ ਅਤੇ ਜਾਣਕਾਰ ਮਿੱਤਰ ਗੱਲ 'ਤੇ ਕੰਨ ਨਾ ਧਰਦੇ! ਖੇਹ ਖਰਾਬ ਕੀਤੀ ਕੁੜੀ ਨੂੰ, ਖ਼ਾਸ ਤੌਰ 'ਤੇ ਜਿਸ ਬਾਰੇ ਇਤਨਾ ਧੂਤਕੜਾ ਉਠਿਆ ਹੋਵੇ ਅਤੇ ਪੁਲੀਸ ਕੇਸ ਬਣੇ ਹੋਣ, ਛੇਤੀ ਕੀਤੇ ਕੌਣ ਅਪਣਾਉਂਦਾ ਹੈ..? ਇਸ ਲਈ ਹਰ ਕੋਈ ਗੱਲੀਂ ਬਾਤੀਂ ਚਿੜੀ ਪੂੰਝਾ ਛੁਡਾ ਜਾਂਦਾ। ਜਦੋਂ ਉਹ ਆਪਣੇ ਸਾਢੂ ਬਖਤੌਰ ਕੋਲ਼ ਗਿਆ ਤਾਂ ਬਖਤੌਰ ਨੇ ਸਿੱਧੀ ਪੱਧਰੀ ਗੱਲ ਮੀਹਾਂ ਸਿੰਘ ਅੱਗੇ ਆਖ ਦਿੱਤੀ।
    -"ਮੀਹਾਂ ਸਿਆਂ ਇਕ ਗੱਲ ਕਰਦੈਂ ਸਾਫ਼..! ਬਾਈ ਬਣਕੇ ਗੁੱਸਾ ਨਾ ਕਰੀਂ-!" ਬਖਤੌਰਾ ਸਿੱਧਾ-ਸਾਦਾ ਬੰਦਾ ਸੀ। ਸਿੱਧੀ ਗੱਲ ਦੀ ਸਿੱਧੀ ਸਲੋਟ ਸੁਣਾਈ ਕਰਨ ਵਾਲ਼ਾ!
    -"ਗੁੱਸਾ ਕਾਹਦਾ ਕਰਨੈਂ ਬਖਤੌਰਿਆ..? ਜੋ ਕੁਛ ਆਪਣੇ ਪ੍ਰੀਵਾਰ ਦੇ ਮੂੰਹ ਨਾਲ਼ ਹੋਇਐ, ਸਾਰੀ ਦੁਨੀਆਂ ਨੂੰ ਪਤੈ..! ਮੈਨੂੰ ਤਾਂ ਧਰਤੀ ਵੇਹਲ ਨੀ ਦਿੰਦੀ ਬਖਤੌਰਿਆ...!" ਮੀਹਾਂ ਸਿੰਘ ਨੇ ਧਾਹ ਮਾਰਨ ਵਾਲਿ਼ਆਂ ਵਾਂਗ ਕਿਹਾ।
    -"ਕਿਸੇ ਖਾਨਦਾਨੀ ਘਰ ਨੇ ਤਾਂ ਹੁਣ ਕੁੜੀ ਨੂੰ ਅਪਨਾਉਣਾ ਨ੍ਹੀ, ਇਹ ਗੱਲ ਤਾਂ ਲੋਹੇ 'ਤੇ ਲਕੀਰ ਐ..! ਉਹਨੂੰ ਤਾਂ ਹੁਣ ਕੋਈ ਲੋੜਵੰਦ ਪ੍ਰੀਵਾਰ ਈ ਸਾਂਭੂ..!" ਬਖਤੌਰ ਨੇ ਆਪਣੀ ਕਾਲ਼ੀ ਕੀਤੀ ਦਾਹੜੀ ਪਲ਼ੋਸੀ। ਉਸ ਨੂੰ ਦਾਹੜੀ ਕਾਲ਼ੀ ਕਰਨ ਦੀ ਬਹੁਤੀ ਜਾਂਚ ਨਹੀਂ ਸੀ। ਦਾਹੜੀ ਵਿਚ ਪਏ ਡੱਬ ਹਾੜ ਮਹੀਨੇ ਖੇਤ ਖੜ੍ਹੀ ਇੱਟਸਿੱਟ ਵਰਗੇ ਲੱਗਦੇ ਸਨ!

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 5)

 ਹਨੀ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ਼ ਗਈ ਸੀ।
 ਦੁਨੀਆਂ ਦੀਆਂ ਕਟਾਰ ਨਜ਼ਰਾਂ ਤੋਂ ਬਚਦੇ ਮਾਂ-ਬਾਪ ਮੂੰਹ ਲਪੇਟ ਕੇ ਕੁੜੀ ਨੂੰ ਘਰ ਲੈ ਆਏ ਸਨ। ਭੈੜ੍ਹੀ ਦੁਨੀਆਂ ਦੇ ਮੂੰਹ ਵਿਚ ਉਸਤਰੇ ਚੱਲਦੇ ਸਨ, ਵੱਢਵੇਂ ਬੋਲ ਦਿਲ ਛਾਨਣੀਂ ਕਰਦੇ ਸਨ ਅਤੇ ਭਿਆਨਕ ਨਜ਼ਰਾਂ ਲਾਵਾ ਥੁੱਕਦੀਆਂ ਸਨ। ਹਨੀ ਦੀ ਮਾਂ ਗੁੱਝਾ-ਗੁੱਝਾ ਰੋਂਦੀ ਅਤੇ ਕਦੇ ਕੰਧ ਵਿਚ ਟੱਕਰ ਮਾਰਨ ਨੂੰ ਆਹੁਲ਼ਦੀ! ਘਰਦੇ ਉਸ ਨੂੰ ਮਸਾਂ ਫੜ ਕੇ ਰੋਕਦੇ! ਬੇਬੇ ਦੀ ਹਾਲਤ ਦਿਨੋਂ ਦਿਨ ਨਿੱਘਰਦੀ ਜਾ ਰਹੀ ਸੀ। ਸਾਰਾ ਟੱਬਰ ਹੀ ਉਸ ਦੀ ਮਾੜੀ ਹਾਲਤ ਵੱਲੋਂ ਦੁਖੀ ਸੀ। ਹਨੀ ਗੁੰਮ ਸੁੰਮ ਹੀ ਰਹਿੰਦੀ। ਕਦੇ ਕਦੇ ਫ਼ੱਟੜ ਜੱਸੀ ਬਾਰੇ ਸੋਚ ਕੇ ਉਸ ਦੇ ਕਾਲ਼ਜੇ 'ਚੋਂ ਟੀਸ ਉਠਦੀ, ਜਿਸ ਨੂੰ ਉਹ ਸਮੇਂ ਦੇ ਰਹਿਮ 'ਤੇ ਛੱਡ, ਜਰ ਜਾਂਦੀ। ਕਦੇ ਕਦੇ ਉਸ ਦਾ ਜੱਸੀ ਨੂੰ ਮਿਲਣ ਨੂੰ ਜੀਅ ਕਰਦਾ। ਮਨ ਬਿਹਬਲ ਹੋ ਜਾਂਦਾ! ਵਿਛੋੜੇ ਵਿਚ ਰੂਹ ਵਿਆਕੁਲ਼ ਹੋ ਉਠਦੀ। ਉਸ ਦਾ ਭੋਲ਼ਾ ਜਿਹਾ ਚਿਹਰਾ ਹਨੀ ਦੇ ਕਾਲ਼ਜੇ ਧਸਿਆ ਪਿਆ ਸੀ! ਪਰ ਚੰਦਰੀ ਦੁਨੀਆਂ ਦੀਆਂ ਫ਼ੌਲਾਦੀ ਅਤੇ ਸਮਾਜਿਕ ਸੀਮਾਂਵਾਂ ਕਿਵੇਂ ਪਾਰ ਕਰਦੀ...? ਉਹ ਫ਼ੱਟੜ ਸੱਪ ਵਾਂਗ ਵਿਸ਼ ਘੋਲ਼ ਕੇ ਰਹਿ ਜਾਂਦੀ, ਸਬਰ ਦਾ ਘੁੱਟ ਭਰ ਕੇ ਹੀ ਚੁੱਪ ਹੋ ਜਾਂਦੀ! ਕਦੇ ਕਦੇ ਉਸ ਨੂੰ ਮਹਿਸੂਸ ਹੁੰਦਾ ਸੀ ਕਿ ਕੀ ਜੱਸੀ ਜਿਉਂਦਾ ਸੀ..? ਜਾਂ ਰੱਬ ਦੇ ਚਰਨਾਂ ਵਿਚ ਜਾ ਬਿਰਾਜਿਆ ਸੀ..? ਜੇ ਉਹ ਜਹਾਨੋਂ ਕੂਚ ਕਰ ਗਿਆ ਸੀ, ਤਾਂ ਕੀ ਉਸ ਨੇ ਨਵਾਂ ਜਨਮ ਲੈ ਲਿਆ ਹੋਵੇਗਾ...? ਕਿਸ ਜੂਨੀ ਵਿਚ ਪਿਆ ਹੋਵੇਗਾ..? ਫਿਰ ਉਹ ਆਪਣੇ ਆਪ ਨੂੰ ਇਕ ਲਾਹਣਤ ਜਿਹੀ ਪਾਉਂਦੀ। ਉਹ ਆਪਣੇ ਜੱਸੀ ਪ੍ਰਤੀ ਕੀ ਬੇਹੂਦਾ ਸੋਚ ਰਹੀ ਸੀ...? ਉਸ ਦੇ ਦਿਮਾਗ ਵਿਚ ਅਜੀਬ ਅਜੀਬ ਝੱਖੜ ਝੁੱਲਦੇ ਰਹਿੰਦੇ।
 ਜੱਸੀ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਪਰ ਉਸ ਦੇ ਮਨ ਨੂੰ ਇਤਨਾ ਧਰਵਾਸ ਜ਼ਰੂਰ ਸੀ ਕਿ ਜੇ ਮੇਰਾ ਜੱਸੀ ਜਿਉਂਦਾ ਹੋਇਆ, ਤਾਂ ਉਹ ਇਕ ਨਾ ਇਕ ਦਿਨ ਮੈਨੂੰ ਜ਼ਰੂਰ ਆ ਕੇ ਮਿਲੇਗਾ। ਪਰ ਇਹ ਤਾਂ ਉਸ ਦੇ ਮਨ ਦਾ ਕਿਆਫ਼ਾ ਹੀ ਹੋ ਸਕਦਾ ਸੀ..? ਸਿਰਫ਼ ਖਿ਼ਆਲੀ ਸਬਜ਼ਬਾਗ..? ਹਨੀ ਦੇ ਘਰਦਿਆਂ ਨੇ ਹਨੀ ਦਾ ਕਾਲਜ ਜਾਣਾ ਬਿਲਕੁਲ ਬੰਦ ਕਰ ਦਿੱਤਾ ਸੀ। ਕੋਈ ਕਾਲਜ ਦੀ ਹਮ-ਜਮਾਤਣ ਹਨੀ ਨੂੰ ਮਿਲਣ ਨਹੀਂ ਆ ਸਕਦੀ ਸੀ। ਹਨੀ ਕਿਤੇ ਬਾਹਰ ਨਹੀਂ ਜਾ ਸਕਦੀ ਸੀ। ਉਸ 'ਤੇ ਇਕ ਤਰ੍ਹਾਂ ਨਾਲ਼ 'ਕਰਫਿ਼ਊ' ਲੱਗ ਗਿਆ ਸੀ। ਘਰ ਅੰਦਰ ਹੀ ਦਫ਼ਾ 144 ਲਾਗੂ ਹੋ ਗਈ ਸੀ। ਉਹ ਇਕ ਪੰਛੀ ਵਾਂਗ ਪਿੰਜਰੇ ਦੀ ਕੈਦਣ ਬਣ ਕੇ ਰਹਿ ਗਈ ਸੀ...!

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 4)

 ਦਿਨ ਚੜ੍ਹ ਆਇਆ ਸੀ।
 ਸੂਰਜ ਨੇ ਜੱਗ ਨੂੰ 'ਝਾਤ' ਆਖੀ ਸੀ।
 ਸੁੱਤੇ ਪਿਆਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕਿ 'ਮਾਸੜ' ਕਦੋਂ ਦਾ ਬਾਹਰ ਖੜ੍ਹਾ ਅਵਾਜ਼ਾਂ ਮਾਰ ਰਿਹਾ ਸੀ।
 ਜੱਸੀ ਉਠਿਆ।
 ਉਸ ਨੇ ਉਠ ਕੇ ਦਰਵਾਜਾ ਖੋਲ੍ਹਿਆ ਤਾਂ ਮਾਸੜ ਮਿੰਨ੍ਹੇ ਜਿਹੇ ਗੁੱਸੇ ਵਿਚ ਖੜ੍ਹਾ, 'ਹਾਲ-ਹਾਲ' ਕਰ ਰਿਹਾ ਸੀ।
 -"ਤੁਸੀਂ ਐਡੇ ਲਾਪ੍ਰਵਾਹ ਯਾਰ...? ਕਿਸੇ ਦੀ 'ਵਾਜ ਤਾਂ ਸੁਣ ਲਿਆ ਕਰੋ..? ਮੈਂ 'ਵਾਜਾਂ ਮਾਰਦਾ ਕਮਲ਼ਾ ਹੋਇਆ ਪਿਐਂ..! ਐਨੀ ਨੀਂਦ ਵੀ ਕੀ ਆਖ..? ਸੁਰਤ ਸਿਰ ਤਾਂ ਪਿਆ ਕਰੋ..! ਚੱਲ ਕੁੜੀਏ..! ਤੇਰਾ ਟੈਮ ਹੋ ਚੱਲਿਐ...!" ਮਾਸੜ ਭੜ੍ਹਾਕੇ ਵਾਂਗ ਚੱਲਿਆ ਸੀ। ਜੱਸੀ ਕੱਪੜੇ ਪਾ ਕੇ ਮਾਸੜ ਨਾਲ਼ ਬਾਹਰ ਨਿਕਲ਼ ਗਿਆ। ਹਨੀ ਨੇ ਵੀ ਜਲਦੀ ਨਾਲ਼ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਪੂਰੇ ਅੱਠ ਵੱਜ ਚੁੱਕੇ ਸਨ। ਚਾਹ ਪੀ ਕੇ ਅਤੇ ਨਹਾ ਕੇ ਹਨੀ ਤਿਆਰ ਸੀ। ਜੱਸੀ ਨੇ ਇੱਥੇ ਫ਼ਾਰਮ ਹਾਊਸ 'ਤੇ ਹੀ ਰਹਿਣਾ ਸੀ। ਹਨੀ ਨੇ ਕੈਂਪ ਜਾ ਕੇ ਸ਼ਾਮ ਨੂੰ ਆਉਣਾ ਸੀ। ਹਨੀ ਦੇ ਸਰੀਰ ਵਿਚੋਂ ਤਾਕਤ ਮੁੱਕੀ ਪਈ ਸੀ। ਸਰੀਰ ਨਿਰਬਲ ਹੋਇਆ ਪਿਆ ਸੀ। ਪਰ ਜੁਆਨ ਸਰੀਰ ਕਰਕੇ ਉਸ ਨੂੰ ਬਹੁਤੀ ਕਮਜ਼ੋਰੀ ਮਹਿਸੂਸ ਨਹੀਂ ਹੋ ਰਹੀ ਸੀ। ਪਰ ਕਦੀ-ਕਦੀ ਉਸ ਨੂੰ ਇੰਜ ਮਹਿਸੂਸ ਹੁੰਦਾ ਸੀ, ਜਿਵੇਂ ਉਹ ਅਸਮਾਨ ਵਿਚ ਉਡ ਰਹੀ ਹੋਵੇ...! ਜਿਵੇਂ ਉਹ ਕਿਸੇ ਬੱਦਲ਼ 'ਤੇ ਬੈਠ ਸਫ਼ਰ ਕਰਦੀ ਹੋਵੇ। ਹੌਲ਼ੀ ਫੁੱਲ ਵਰਗੀ...! ਉਸ ਦਾ ਦਿਮਾਗ ਕਿਸੇ ਬੈਕੁੰਠ ਚੜ੍ਹਿਆ ਹੋਇਆ ਸੀ..। ਜਦ ਉਹ ਰਾਤ ਦਾ ਵਾਕਿਆ ਯਾਦ ਕਰਦੀ ਤਾਂ ਉਸ ਦੀ ਰੂਹ ਆਨੰਦ ਭਰੀ ਅਤੇ ਤ੍ਰਿਪਤ ਹੋ ਜਾਂਦੀ। ਕਦੇ ਕਦੇ ਉਸ ਨੂੰ ਧੁੜਧੜੀ ਜਿਹੀ ਆਉਂਦੀ। ਉਸ ਦਾ ਦਿਲ ਕਿਲਕਾਰੀਆਂ ਮਾਰਨ ਨੂੰ ਕਰਦਾ ਅਤੇ ਮਨ ਅੰਬਰ ਨੂੰ ਕਲ਼ਾਵੇ ਭਰਦਾ!
 ਦੁਪਿਹਰ ਦੀ ਰੋਟੀ ਖਾਣ ਤੋਂ ਬਾਅਦ ਸਾਰੀ ਦਿਹਾੜੀ ਜੱਸੀ ਸੁੱਤਾ ਰਿਹਾ।
 ਸ਼ਾਮ ਨੂੰ ਪ੍ਰਛਾਵੇਂ ਢਲ਼ਦਿਆਂ ਹੀ ਮਾਸੜ ਹਨੀ ਨੂੰ ਲੈ ਕੇ ਆ ਗਿਆ।
 ਆਉਣਸਾਰ ਹਨੀ ਪਲੰਘ 'ਤੇ ਡਿੱਗ ਪਈ।
 ਜੱਸੀ ਨੇ ਉਸ ਨੂੰ ਚਾਹ ਬਣਾ ਦਿੱਤੀ।

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 3)

ਤੁਸੀਂ ਆਪਣੇ ਲਈ ਨਹੀਂ, ਤਾਂ ਘੱਟੋ ਘੱਟ ਮੇਰੇ ਬਾਰੇ ਤਾਂ ਸੋਚੋ ਜੱਸੀ...! ਕੀ ਖੱਟਿਆ ਕੱਲ੍ਹ ਸ਼ਰਾਬ ਪੀ ਕੇ...? ਸਰੀਰ ਦੀ ਜੱਖਣਾਂ ਹੀ ਪੱਟੀ..? ਥੋਡਾ ਮੂੰਹ ਦੇਖੋ ਕਿਵੇਂ ਪੀਲ਼ਾ ਪਿਆ ਹੋਇਐ... ਬੀਕੇ ਵਰਗੇ ਗੁੰਡੇ ਦਾ ਕੀ ਜਾਊ...? ਉਜੜੂੰ ਮੈਂ...! ਉਹਦੇ ਘਰੇ ਤਾਂ ਬਥੇਰਾ ਦੋ ਨੰਬਰ ਦਾ ਪੈਸਾ ਅੱਗ ਲੱਗਦੈ...! ਪਰ ਤੁਸੀਂ ਤਾਂ ਆਪਣੇ ਪਿਉ ਦੀ ਕਬੀਲਦਾਰੀ ਬਾਰੇ ਖਿਆਲ ਕਰੋ...! ਉਹ ਤਾਂ ਲੰਡਰ ...! ਉਹਦਾ ਪਿਉ ਓਦੂੰ ਗੁੰਡੈ...! ਪਰ ਤੁਸੀਂ ਤਾਂ ਆਪਣੇ ਸਾਊ ਬਾਪ ਦੀ ਇੱਜ਼ਤ ਬਾਰੇ ਸੋਚ ਕਰੋ...! ਤੁਸੀਂ ਹੁਣ ਨਿਆਣੇ ਨਹੀਂ...! ਚੰਗੇ ਭਲੇ ਪੜ੍ਹੇ ਲਿਖੇ ਹੋ..! ਛੱਡੋ ਐਹੋ ਜਿਹੇ ਲੰਡਰਾਂ ਦਾ ਖਹਿੜ੍ਹਾ ਤੇ ਸਿੱਧੇ ਹੋ ਕੇ ਆਪਣੇ ਘਰ ਨੂੰ ਸਮਰਪਤ ਹੋਵੋ...!" ਉਸ ਨੇ ਆਪਣੇ ਮਨ ਦਾ ਗੁਬਾਰ ਕੱਢ ਲਿਆ ਅਤੇ ਸੁਰਖ਼ਰੂ ਜਿਹੀ ਹੋ ਕੇ ਬੈਠ ਗਈ

-"ਮੈਨੂੰ ਮੁਆਫ਼ ਕਰ ਦੇਹ ਹਨੀ...! ਮੈਂ ਤੈਥੋਂ ਮੁਆਫ਼ੀ ਮੰਗਦਾ ਹਾਂ...! ਅੱਜ ਤੋਂ ਬਾਅਦ ਸ਼ਰਾਬ ਨੂੰ ਹੱਥ ਵੀ ਨਹੀਂ ਲਾਉਂਦਾ, ਇਹ ਮੇਰਾ ਤੇਰੇ ਨਾਲ਼ ਵਾਅਦਾ ਹੈ...!" ਗਿੱਲੇ ਝੰਡੇ ਵਾਂਗ ਮੂੰਹ ਲਟਕਾਈ ਬੈਠੇ ਜੱਸੀ ਨੇ ਕਿਹਾ ਉਹ ਸੱਚ ਹੀ ਸ਼ਰਮਿੰਦਾ ਸੀ ਪਰ ਮਜਬੂਰੀ ਵਿਚ ਉਸ ਨੂੰ ਪੀਣੀਂ ਪੈ ਗਈ ਸੀ ਪਰ ਉਹ ਕੀ ਦੱਸਦਾ...? ਇਹ ਤਾਂ ਸ਼ੁਕਰ ਸੀ ਕਿ ਵਿਦਿਅਰਥੀਆਂ ਦੇ ਮੂੰਹੋਂ ਮੂੰਹ ਚੱਲੀ ਗੱਲ ਹਨੀ ਜਾਂ ਕਿਸੇ ਹੋਰ ਕੁੜੀ ਕੋਲ਼ ਨਹੀਂ ਪੁੱਜੀ ਸੀ! ਇਸ ਨੂੰ ਉਹ ਜ਼ਰੂਰ ਆਪਣੀ ਪ੍ਰਾਪਤੀ ਸਮਝ ਰਿਹਾ ਸੀ ਕੀ ਹੋ ਚੱਲਿਆ ਸੀ ਇਕ ਦਿਨ ਦਾਰੂ ਪੀਣ ਨਾਲ਼...? ਪਰ ਹਨੀ ਦੀ ਗੱਲ ਦੱਬੀ ਗਈ... ਬੀਕੇ ਦੇ ਦਬਦਬੇ ਕਾਰਨ ਸਾਰਿਆਂ ਨੇ ਗੱਲ ਦਬਾ ਹੀ ਤਾਂ ਲਈ ਸੀ ਉਹ ਬੀਕੇ ਬਾਈ ਦਾ ਸ਼ੁਕਰਗੁਜ਼ਾਰ ਸੀ ਬੀਕਾ ਬਾਈ ਉਸ ਦੇ ਇਸ ਕੰਮ ਵਿਚ ਰੱਬ ਬਣ ਕੇ ਬਹੁੜਿਆ ਸੀ ਉਹ ਲੋਕਾਂ ਲਈ ਲੱਖ ਮਾੜਾ ਸੀ ਪਰ ਜੱਸੀ ਲਈ ਤਾਂ ਇਕ ਫ਼ਰਿਸ਼ਤਾ ਹੋ ਨਿੱਬੜਿਆ ਸੀ ਜਿਸ ਨੇ ਉਸ ਦੀ ਗੱਲ ਮੰਨ ਕੇ ਹਨੀ ਦੀ ਹੇਠੀ ਨਹੀਂ ਹੋਣ ਦਿੱਤੀ ਸੀ ਸਾਰੇ ਕਾਲਜ ਦੇ ਮੁੰਡਿਆਂ ਦੇ ਮੂੰਹ ਬੰਦ ਕਰ ਦਿੱਤੇ ਸਨ ਜੱਸੀ ਹੁਣ ਵੀ ਹਨੀ ਤੋਂ ਚੋਰੀ ਬੀਕੇ ਕੋਲ਼ ਢਾਬੇ 'ਤੇ ਜਾ ਵੜਦਾ ਅਤੇ ਗੱਲਾਂ ਬਾਤਾਂ ਕਰ ਕੇ ਮੁੜ ਆਉਂਦਾ ਪਰ ਸ਼ਰਾਬ ਨੂੰ ਉਸ ਨੇ ਮੁੜ ਕੇ ਹੱਥ ਨਾ ਲਾਇਆ ਵਾਅਦੇ ਦਾ ਪੱਕਾ ਰਿਹਾ ਬੀਕੇ ਨੇ ਵੀ ਉਸ ਨੂੰ ਮੁੜ ਪੀਣ ਲਈ ਮਜਬੂਰ ਨਾ ਕੀਤਾ

ਹੋਰ ਪੜੋ...

ਸੱਜਰੀ ਪੈੜ ਦਾ ਰੇਤਾ (ਕਿਸ਼ਤ 2)

......ਅਜੇ ਹਨੀ ਦਸਵੀਂ ਜਮਾਤ ਵਿਚ ਹੀ ਪੜ੍ਹਦੀ ਸੀ। ਸੋਹਣੀ ਸੁਨੱਖੀ ਤਾਂ ਅੰਤਾਂ ਦੀ ਸੀ। ਮੋਟੀਆਂ ਅੱਖਾਂ ਰੱਬ ਨੇ ਉਸ ਨੂੰ ਬੜੀ ਰੀਝ ਨਾਲ਼ ਘੜ੍ਹ ਕੇ ਬਖ਼ਸਿ਼ਸ਼ ਕੀਤੀਆਂ ਸਨ। ਕਾਦਰ ਦੀ ਘੜ੍ਹੀ ਮੂਰਤ ਸੀ ਹਨੀ! ਉਸ ਦੀਆਂ ਅੱਖਾਂ ਵਿਚ ਕੁਦਰਤੀ ਡਲਕ ਸੀ ਅਤੇ ਸੁਭਾਅ ਵਿਚ ਕੋਮਲਤਾ...! ਅੰਤਾਂ ਦੀ ਭੋਲ਼ੀ...! ਜਦੋਂ ਗੱਲ ਕਰਦੀ ਸੀ ਤਾਂ ਕੇਸੂ ਵਰਗੇ ਬੁੱਲ੍ਹਾਂ 'ਚੋਂ ਫ਼ੁੱਲ ਕਿਰਦੇ ਸਨ। ਕੁਦਰਤੀ ਮੁਸਕਰਾਹਟ ਉਸ ਦੇ ਹੁਸੀਨ ਚਿਹਰੇ 'ਤੇ ਹਮੇਸ਼ਾ ਖਿੜੀ ਰਹਿੰਦੀ। ਰੰਗ ਭਾਵੇਂ ਉਸ ਦਾ ਕਣਕਵੰਨਾਂ ਹੀ ਸੀ। ਪਰ ਉਸ ਦੇ ਤਿੱਖੇ ਨੈਣ ਨਕਸ਼ ਹਰ ਦੇਖਣ ਵਾਲ਼ੇ ਦਾ ਕਾਲ਼ਜਾ ਕੱਢ ਲੈਂਦੇ ਅਤੇ ਅਗਲੇ ਨੂੰ ਕਿਸੇ ਡੂੰਘੀ ਸੋਚ ਵਿਚ ਪਾ ਜਾਂਦੇ ਸਨ! ਹਰ ਕੋਈ ਉਸ ਨੂੰ ਪਿੱਛੇ ਮੁੜ ਕੇ ਦੁਬਾਰਾ ਦੇਖਦਾ! ਸਕੂਲ ਵਿਚ ਮੁੰਡੇ ਖੁੰਡੇ ਉਸ ਨੂੰ, "ਤੇਰਾ ਅੱਖਾਂ 'ਚੋਂ ਹੱਸ ਕੇ ਤੱਕਣਾ...ਹਾਏ ਨ੍ਹੀ ਸਾਨੂੰ ਮਾਰ ਗਿਆ...!" ਦੇ ਤਾਹਨ੍ਹੇ ਮਿਹਣੇ ਮਾਰਦੇ! ਪਰ ਉਹ ਮੁਸਕਰਾ ਕੇ ਹੀ ਅੱਗੇ ਨਿਕਲ਼ ਜਾਂਦੀ। ਖੜ੍ਹ ਕੇ ਕਿਸੇ ਦੀ ਗੱਲ ਜਾਂ ਤਾਹਨੇ ਦਾ ਉੱਤਰ ਨਾ ਦਿੰਦੀ। ਮੁੰਡੇ ਹਨੀ ਦੀ ਇਸ ਕਾਤਲ ਅਦਾ 'ਤੇ ਕੁਰਬਾਨ ਹੋ ਜਾਂਦੇ!
 ਹਨੀ ਨੇ ਦਸਵੀਂ ਕਰ ਲਈ ਤਾਂ ਉਸ ਨੇ ਮੋਗੇ ਡੀ. ਐਮ. ਕਾਲਿਜ ਵਿਚ ਦਾਖ਼ਲਾ ਲੈ ਲਿਆ।
 ਬੇਬੇ ਚਾਹੇ ਕੁੜੀ ਨੂੰ ਕਾਲਜ ਭੇਜਣ ਲਈ ਨੱਕ ਬੁੱਲ੍ਹ ਮਾਰਦੀ ਹੀ ਸੀ। ਲੱਤ ਨਹੀਂ ਲਾਉਂਦੀ ਸੀ।
 -"ਬਹੁਤ ਐ ਜਿੰਨੀ ਕੁ ਇਹੇ ਪੜ੍ਹਲੀ-ਚਿੱਠੀ ਪੱਤਰ ਜੋਗੀ ਹੋਗੀ, ਹੋਰ ਪੜ੍ਹ ਕੇ ਇਹਨੇ ਕੀ ਠਾਣੇਦਾਰਨੀ ਲੱਗਣੈਂ...?"
 -"ਪੜ੍ਹ ਲੈਣ ਦੇਹ..! ਤੇਰੇ ਕੀ ਖੁਰ ਵੱਢਦੀ ਐ..? ਜੰਗੀਰ ਮਾਸ਼ਟਰ ਕਹਿੰਦਾ ਸੀ ਬਈ ਕੁੜੀ ਪੜ੍ਹਨ ਨੂੰ ਹੁਸਿ਼ਆਰ ਐ, ਤੂੰ ਬਾਹਲ਼ਾ ਬਰੜਾਹਟ ਨਾ ਕਰਿਆ ਕਰ...! ਆਬਦੀ ਸਾਗ ਘੋਟਣ ਵਾਲ਼ੀ ਮੱਤ ਆਬਦੇ ਕੋਲ਼ੇ ਰੱਖਿਆ ਕਰ..! ਤੈਨੂੰ ਪੜ੍ਹਾਈਆਂ ਦਾ ਕੀ ਪਤਾ..? ਤੇਰੇ ਤਾਂ ਹੁਣ ਤੱਕ ਗੋਹੇ 'ਚੋਂ ਹੱਥ ਨ੍ਹੀ ਨਿਕਲ਼ੇ..!"

ਹੋਰ ਪੜੋ...